ਮਜੀਠੀਆ ਨੇ ਨੀਂਹ ਪੱਥਰ ਤੋੜਨ ’ਤੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਕੀਤੀ ਸ਼ਲਾਘਾ

ਲੁਧਿਆਣਾ, 23 ਅਗਸਤ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿਚ ਬੁੱਢੇ ਨਾਲੇ ਦੀ ਸਫਾਈ ਵਾਸਤੇ ਲਗਾਇਆ ਗਿਆ ਜਾਅਲੀ ਨੀਂਹ ਪੱਥਰ ਤੋੜਨ ’ਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਗੋਗੀ ਦੀ ਸ਼ਲਾਘਾ ਕੀਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਸਤੀ ਤੇ ਘਟੀਆ ਰਾਜਨੀਤੀ ਕਰ ਰਹੀ ਹੈ।

ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ , ਆਪਣੀ ਸਰਕਾਰ ਦਾ ਲਗਾਇਆ ਨੀਂਹ ਪੱਥਰ ਤੋੜਦੇ ਹੋਏ

ਮਜੀਠੀਆ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਵਾਸਤੇ 650 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਤਕਰੀਬਨ ਡੇਢ ਸਾਲ ਪਹਿਲਾਂ ਰੱਖਿਆ ਸੀ। ਉਹਨਾਂ ਕਿਹਾ ਕਿ ਵਿਧਾਇਕ ਨੇ ਮਹਿਸੂਸ ਕਰ ਲਿਆ ਕਿ ਪਿਛਲੇ ਡੇਢ ਸਾਲਾਂ ਤੋਂ ਬੁੱਢੇ ਨਾਲੇ ਦੀ ਸਫਾਈ ਵਾਸਤੇ ਇਕ ਵੀ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਹੋਰ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ ਵੀ ਹਾਲੇ ਤੱਕ ਕੰਮ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਪੰਜਾਬੀ ਪਹਿਲਾਂ ਹੀ ਆਪ ਸਰਕਾ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ ਜਿਸਨੇ ਝੂਠੇ ਤੇ ਬੇਬੁਨਿਆਦ ਦਾਅਵੇ ਕੀਤੇ ਹਨ ਤੇ ਉਹ ਇਸ਼ਤਿਹਾਰਬਾਜ਼ੀ ’ਤੇ ਇਕ ਹਜ਼ਾਰ ਕਰੋੜ ਰੁਪਏ ਸਾਲਾਨਾ ਖਰਚ ਰਹੀ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਕੰਮ ਵਾਸਤੇ ਇਕ ਫੁੱਟੀ ਕੌਡੀ ਵੀ ਖਰਚ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਹੁਣ ਆਪ ਦੇ ਵਿਧਾਇਕਾਂ ਸਮੇਤ ਇਸਦੀ ਲੀਡਰਸ਼ਿਪ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਨੂੰ ਅਗਲੇ ਦੋ ਸਾਲਾਂ ਬਾਅਦ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਵੱਡੇ-ਵੱਡੇ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਕੋਈ ਕੰਮ ਕਿਉਂ ਨਹੀਂ ਹੋਇਆ।
ਮਜੀਠੀਆ ਨੇ ਕਿਹਾ ਕਿ ਇਹ ਹੋਰ ਆਪ ਵਿਧਾਇਕਾਂ ਲਈ ਢੁਕਵਾਂ ਸਮਾਂ ਹੈ ਜਦੋਂ ਉਹ ਸੱਚ ਕਬੂਲ ਕਰਨ ਅਤੇ ਅਜਿਹੇ ਝੂਠੇ ਨੀਂਹ ਪੱਥਰ ਤੋੜ ਸੁੱਟਣ। ਉਹਨਾਂ ਕਿਹਾ ਕਿ ਜਾਅਲੀ ਇਸ਼ਤਿਹਾਰਬਾਜ਼ੀ ਨਾਲ ਆਪ ਸਰਕਾਰ ਨੂੰ ਕੱਖ ਵੀ ਹਾਸਲ ਹੋਣ ਵਾਲਾ ਨਹੀਂ ਤੇ ਅਖੀਰ ਨੂੰ ਪੰਜਾਬੀ ਆਪਣੀ ਵੋਟ ਦੀ ਤਾਕਤ ਦੇ ਬਲਬੂਤੇ ਇਸਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

Leave a Reply

Your email address will not be published. Required fields are marked *