ਚੰਡੀਗੜ੍ਹ 23 ਅਗਸਤ (ਖ਼ਬਰ ਖਾਸ ਬਿਊਰੋ)
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇਕ ਵਿਦਿਆਰਥਣ ਨਾਲ ਬਲਾਤਕਾਰ ਦੀ ਘਟਨਾਂ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਸਕੂਲ ਦੀ ਬੱਸ ਚਲਾਉਣ ਵਾਲੇ ਡਰਾਇਵਰ ਨੇ ਬਲਾਤਕਾਰ ਕੀਤਾ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਕਲਕੱਤਾ ਵਿਖੇ ਵਾਪਰੀ ਘਟਨਾਂ ਨੇ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚਿਆ ਹੋਇਆ ਹੈ, ਇਸ ਦੌਰਾਨ ਚੰਡੀਗੜ੍ਹ ਵਿਖੇ ਅਜਿਹੀ ਘਟਨਾਂ ਵਾਪਰ ਗਈ ਹੈ।
ਪੀੜਤ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸਕੂਲ ਬੱਸ ਦੇ ਡਰਾਈਵਰ ਨੇ ਘਟਨਾਂ ਨੂੰ ਅੰਜਾਮ ਦੇਣ ਲਈ ਵਿਦਿਆਰਥਣ ਨੂੰ ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ। ਮੁਲਜ਼ਮ ਦੀ ਪਛਾਣ ਮੁਹੰਮਦ ਰਜ਼ਾਕ ਵਾਸੀ ਮਨੀਮਾਜਰਾ ਵਜੋਂ ਹੋਈ ਹੈ।
ਮੁਲਜ਼ਮ ਨੇ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਉਸ ਦੀ ਅਸ਼ਲੀਲ ਫੋਟੋ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਦੋਸ਼ੀ ਨੇ ਵਿਦਿਆਰਥਣ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਛੋਟੀ ਭੈਣ ਨੂੰ ਮਾਰ ਦੇਵੇਗਾ। ਜ਼ੀਰਕਪੁਰ ਥਾਣਾ ਪੁਲਸ ਨੇ ਦੋਸ਼ੀ ਖਿਲਾਫ ਪੋਕਸੋ ਐਕਟ, ਬਲਾਤਕਾਰ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਦੋਸ਼ੀ ਸਕੂਲ ਬੱਸ ਚਾਲਕ ਅਕਸਰ ਉਸਦਾ ਪਿੱਛਾ ਕਰਦਾ ਸੀ। ਇਕ ਦਿਨ ਦੋਸ਼ੀ ਡਰਾਈਵਰ ਨੇ ਪੀੜਤਾ ਨੂੰ ਸਕੂਲ ਦੀ ਪਾਰਕਿੰਗ ਵਿਚ ਰੋਕ ਲਿਆ ਅਤੇ ਉਸ ਨਾਲ ਦੋਸਤੀ ਕਰਨ ਦਾ ਦਬਾਅ ਪਾਇਆ। ਜਦੋਂ ਪੀੜਤਾ ਨੇ ਉਸ ਨੂੰ ਮਨ੍ਹਾ ਕੀਤਾ ਤਾਂ ਕੁਝ ਦਿਨਾਂ ਬਾਅਦ ਉਸ ਨੇ ਉਸ ਦੀ ਫੋਟੋ ਕਿਧਰੋਂ ਲੈ ਲਈ, ਉਸ ਨੂੰ ਨਗਨ ਫੋਟੋ ਵਿਚ ਐਡਿਟ ਕਰ ਲਿਆ ਅਤੇ ਧਮਕੀਆਂ ਦੇਣ ਲੱਗ ਪਿਆ। ਦੋਸ਼ੀ ਪੀੜਤਾ ਨੂੰ ਬਲੈਕਮੇਲ ਕਰਦਾ ਸੀ ਕਿ ਜੇਕਰ ਉਸ ਨੇ ਉਸ ਨਾਲ ਦੋਸਤੀ ਨਾ ਕੀਤੀ ਤਾਂ ਉਹ ਉਸ ਦੀਆਂ ਨਗਨ ਫੋਟੋਆਂ ਵਾਇਰਲ ਕਰ ਦੇਵੇਗਾ।
ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਨੇ ਪੀੜਤਾ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਜ਼ਬਰਦਸਤੀ ਵਧ ਗਈ ਤਾਂ ਇਕ ਦਿਨ ਲੜਕੀ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਪੁਲਸ ਕੋਲ ਪਹੁੰਚਿਆ ਅਤੇ ਵਿਦਿਆਰਥੀ ਨੇ ਪੁਲਸ ਨੂੰ ਡਰਾਈਵਰ ਦੀਆਂ ਹਰਕਤਾਂ ਦਾ ਖੁਲਾਸਾ ਕੀਤਾ। ਜਾਂਚ ਅਧਿਕਾਰੀ ਚੌਕੀ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।