ਚੰਡੀਗੜ੍ਹ 20 ਅਗਸਤ, (ਖ਼ਬਰ ਖਾਸ ਬਿਊਰੋ)
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਫਸੇ ਚਾਰ ਕਾਂਗਰਸੀ ਆਗੂਆਂ ਦੀ ਮੁਸ਼ਕਲਾਂ ਵੱਧਣ ਵਾਲੀਆਂ ਹਨ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਓ.ਪੀ ਸੋਨੀ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਖਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਬੀਤੇ ਦਿਨ 14 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਦਿੱਤੀ ਗਈ ਹੈ ਅਤੇ ਫਾਈਲ ਅਗਲੀ ਕਾਰਵਾਈ ਲਈ ਸੂਬੇ ਦੇ ਰਾਜਪਾਲ ਕੋਲ ਭੇਜੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਵਿਜੀਲੈਂਸ ਨੂੰ ਸਾਬਕਾ ਮੰਤਰੀਆਂ ਖਿਲਾਫ਼ ਅਦਾਲਤ ਵਿਚ ਕੇਸ ਚਲਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਦੇ ਕਿਸੇ ਵੀ ਅਧਿਕਾਰੀ ਅਤੇ ਸਰਕਾਰ ਵਿਚ ਕੈਬਨਿਟ ਰੈਂਕ ਉਤੇ ਰਹੇ ਵਿਅਕਤੀ ਖਿਲਾਫ਼ ਕੇਸ ਚਲਾਉਣ ਲਈ ਨਿਯਮਾਂ ਅਨੁਸਾਰ ਸਰਕਾਰ ਤੋਂ ਮੰਜ਼ੂਰੀ ਲੈਣੀ ਹੁੰਦੀ ਹੈ।
ਵਿਜੀਲੈਸ ਬਿਊਰੋ ਨੇ ਸਭਤੋਂ ਪਹਿਲਾਂ ਜੰਗਲਾਤ ਵਿਭਾਗ ਦੇ ਤਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸਤੋਂ ਬਾਅਦ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ,ਸੁੰਦਰ ਸਾਮ ਅਰੋੜਾ ਤੇ ਸਾਬਕਾ ਸਿਹਤ ਮੰਤਰੀ ਓਪੀ ਸੋਨੀ ਵੀ ਵਿਜੀਲੈਂਸ ਦੇ ਅੜਿੱਕੇ ਚੜ ਗਏ। ਇਹਨਾਂ ਚਾਰਾਂ ਸਾਬਕਾ ਮੰਤਰੀਆਂ ਖਿਲਾਫ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਸ੍ਰੋਤ ਇਕੱਠੇ ਕਰਕੇ ਜਾਇਦਾਦ ਇਕੱਠੀ ਕਰਨ ਦਾ ਕੇਸ ਦਰਜ਼ ਕੀਤਾ ਹੋਇਆ ਹੈ।