ਕੇਂਦਰ ਸਰਕਾਰ ਮੈਡੀਕਲ ਪੇਸ਼ੇਵਰਾਂ ਖ਼ਿਲਾਫ਼ ਹਿੰਸਾ ਰੋਕਣ ਲਈ ਸਖ਼ਤ ਕਾਨੂੰਨ ਲਿਆਵੇ-ਡਾ ਬਲਵੀਰ ਸਿੰਘ

ਚੰਡੀਗੜ੍ਹ, 19 ਅਗਸਤ (ਖ਼ਬਰ ਖਾਸ ਬਿਊਰੋ)

ਕੋਲਕਾਤਾ ਵਿੱਚ ਜਬਰ-ਜਨਾਹ ਅਤੇ ਕਤਲ ਦੇ ਸ਼ਰਮਨਾਕ ਦੇ ਦਿਲ-ਦਹਿਲਾਊ ਮਾਮਲੇ ਵਿਰੁੱਧ ਅੰਦੋਲਨ ਕਰ ਰਹੇ ਡਾਕਟਰ ਭਾਈਚਾਰੇ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਕੇਂਦਰ ਅਤੇ ਪੱਛਮੀ ਬੰਗਾਲ ਸਰਕਾਰ ਤੋਂ ਪੀੜਤ ਡਾਕਟਰ ਦੇ ਮਾਪਿਆਂ ਲਈ 10 ਕਰੋੜ ਰੁਪਏ ਦੇ ਐਕਸ-ਗ੍ਰੇਸ਼ੀਆ ਤੋਂ ਇਲਾਵਾ ਪੀੜਤ ਲਈ ਜਲਦੀ ਨਿਆਂ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਉਨ੍ਹਾਂ ਕੇਂਦਰ ਸਰਕਾਰ ਨੂੰ ਦੇਸ਼ ਭਰ ’ਚ ਮੈਡੀਕਲ ਪੇਸ਼ੇਵਰਾਂ ਵਿਰੁੱਧ ਹਿੰਸਾ ਰੋਕਣ ਲਈ ਸਖ਼ਤ ਕੇਂਦਰੀ ਕਾਨੂੰਨ ਲਿਆਉਣ ਦੀ ਵੀ ਅਪੀਲ ਕੀਤੀ।

ਡਾ. ਬਲਬੀਰ ਸਿੰਘ, ਜਿਨ੍ਹਾਂ ਦੇ ਨਾਲ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਬੰਗਾ ਤੋਂ ਵਿਧਾਇਕ  ਡਾ: ਸੁਖਵਿੰਦਰ ਕੁਮਾਰ ਸੁੱਖੀ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀ ਰਾਜੀਵ ਸੂਦ,  ਸਕੱਤਰ (ਸਿਹਤ) ਸ੍ਰੀ ਕੁਮਾਰ ਰਾਹੁਲ, ਐਮ.ਡੀ. (ਪੀ.ਐਸ.ਐਚ.ਸੀ ) ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਆਈਜੀਪੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਮੌਜੂਦ ਸਨ, ਨੇ ਸੋਮਵਾਰ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.), ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐੱਮ.ਐੱਸ.) ਐਸੋਸੀਏਸ਼ਨ, ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਅਤੇ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ  ਮੀਟਿੰਗ ਕੀਤੀ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਉਨ੍ਹਾਂ ਅੰਦੋਲਨਕਾਰੀ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੈਡੀਕਲ ਪੇਸ਼ੇਵਰਾਂ ਖਿਲਾਫ ਹਮਲੇ ਰੋਕਣ ਲਈ ਕੇਂਦਰੀ ਕਾਨੂੰਨ ਲਿਆਉਣ ਲਈ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਰੇ ਡਾਕਟਰਾਂ ਖਾਸ ਕਰਕੇ ਮਹਿਲਾ ਹੈਲਥਕੇਅਰ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੈਡੀਕਲ ਪੇਸ਼ੇਵਰਾਂ ਖਾਸ ਕਰਕੇ ਮਹਿਲਾ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸੁਰੱਖਿਆ ਆਡਿਟ ਕਰਨ ਲਈ ਜ਼ਿਲ੍ਹਾ ਸਿਹਤ ਬੋਰਡਾਂ ਦਾ ਗਠਨ ਕੀਤਾ ਜਾਵੇ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐਸਓਪੀਜ਼) ਨੂੰ ਆਪਣੇ ਅਦਾਰਿਆਂ ਵਿੱਚ ਲਾਗੂ ਕਰਨ ਲਈ ਵੀ ਕਿਹਾ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਕਿਤੇ ਵੀ ਡਾਰਕ ਸਪਾਟ ਨਹੀਂ ਹੋਣਾ ਚਾਹੀਦਾ ਅਤੇ ਰਾਤ ਦੀ ਸ਼ਿਫਟ ਦੌਰਾਨ ਜਦੋਂ ਵੀ ਮਹਿਲਾ ਮੈਡੀਕਲ ਪੇਸ਼ੇਵਰ ਨੇ ਦੂਰ ਦੇ ਵਾਰਡਾਂ ਵਿੱਚ ਮਰੀਜ਼ਾਂ ਨੂੰ ਦੇਖਣ ਜਾਣਾ ਹੋਵੇ ਤਾਂ  ਉਹਨਾਂ ਦੇ ਨਾਲ ਦੋ ਪੁਰਸ਼ ਸਟਾਫ ਮੈਂਬਰ  ਜ਼ਰੂਰ ਹੋਣੇ ਚਾਹੀਦੇ ਹਨ।

ਪੰਜਾਬ ਸਰਕਾਰ ਵੱਲੋਂ ਡਾਕਟਰ ਭਾਈਚਾਰੇ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਡਾ: ਬਲਬੀਰ ਸਿੰਘ ਨੇ ਸਾਰੇ ਡਾਕਟਰਾਂ ਨੂੰ ਆਪਣੀ ਹੜਤਾਲ ਖਤਮ ਕਰਕੇ ਡਿਊਟੀ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਮਰੀਜ਼ਾਂ ਖਾਸ ਕਰਕੇ ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਦਾ ਨੁਕਸਾਨ ਹੈ, ਜੋ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਭਾਈਚਾਰੇ ਲਈ ਇਨਸਾਫ਼ ਦੀ ਮੰਗ ਦਾ ਸਮਰਥਨ ਕਰ ਰਹੀ ਹੈ। ਇਸ ਦੌਰਾਨ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਵੀ ਸਰਗਰਮ ਕੀਤੇ ਜਾਣ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਇਸ ਮੌਕੇ  ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ: ਅਵਨੀਸ਼ ਕੁਮਾਰ, ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਹਿਤਿੰਦਰ ਕੌਰ, ਆਈ.ਐਮ.ਏ.,ਪੰਜਾਬ ਦੇ ਪ੍ਰਧਾਨ ਡਾ: ਸੁਨੀਲ ਕਤਿਆਲ, ਪੀ.ਸੀ.ਐਮ.ਐਸ.ਏ. ਦੇ ਪ੍ਰਧਾਨ ਡਾ: ਅਖਿਲ ਸਰੀਨ,  ਮੈਡੀਕਲ ਅਤੇ ਡੈਂਟਲ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਡਾ: ਦਰਸ਼ਨਜੀਤ, ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਵਿੱਚ ਡਾ: ਰਾਮ ਮੇਹਰ ਸ਼ਰਮਾ (ਫਰੀਦਕੋਟ), ਡਾ: ਸ਼ਿਵਾਂਸ਼ੀ (ਅੰਮ੍ਰਿਤਸਰ) ਅਤੇ ਡਾ: ਅਕਸ਼ੈ (ਪਟਿਆਲਾ) ਅਤੇ ਮੈਡੀਕਲ ਕਾਲਜਾਂ ਦੇ ਡਾਇਰੈਕਟਰ-ਕਮ-ਪ੍ਰਿੰਸੀਪਲਜ਼ ਜਿਨ੍ਹਾਂ ਵਿੱਚ ਡਾ: ਰਾਜੀਵ ਦੇਵਗਨ (ਅੰਮ੍ਰਿਤਸਰ), ਡਾ: ਰਾਜਨ ਸਿੰਗਲਾ (ਪਟਿਆਲਾ) ਅਤੇ ਡਾ: ਸੰਜੇ ਗੁਪਤਾ (ਫ਼ਰੀਦਕੋਟ) ਸ਼ਾਮਲ ਹਨ, ਸਮੇਤ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *