ਕਲਕੱਤਾ, 19 ਅਗਸਤ (ਖ਼ਬਰ ਖਾਸ ਬਿਊਰੋ)
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ ਆਨੰਦ ਬੋਸ ਨੇ ਸੁਰੱਖਿਆ ਦੇ ਮੁੱਦੇ ਉਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਔਰਤਾਂ ਲਈ ਸੁਰੱਖਿਅਤ ਸਥਾਨ ਨਹੀਂ ਹੈ। ਉਨਾਂ ਕਿਹਾ ਕਿ ਮੌਜੂੁਦਾ ਸਰਕਾਰ ਸੂਬੇ ਦੀਆਂ ਔਰਤਾਂ ਦੀ ਰੱਖਿਆ ਕਰਨ ਵਿਚ ਫੇਲ੍ਹ ਰਹੀ ਹੈ। ਸ੍ਰੀ ਬੋਸ ਨੇ ਆਰ ਜੀ ਕਾਰ ਮੈਡੀਕਲ ਕਾਲਜ ਦੀ ਘਟਨਾ ਦੇ ਸੰਦਰਭ ਵਿਚ ਇਹ ਪ੍ਰਤੀਕਿਰਿਆ ਦਿੱਤੀ ਹੈ।
ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ ਆਨੰਦ ਬੋਸ ਨੇ ਸੋਮਵਾਰ ਨੂੰ ਕਿਹਾ ਕਿ ਬੰਗਾਲ ਔਰਤਾਂ ਲਈ ਸੁਰੱਖਿਅਤ ਸਥਾਨ ਨਹੀਂ ਹੈ। ਬੰਗਾਲ ਨੇ ਆਪਣੀਆਂ ਔਰਤਾਂ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਬੰਗਾਲ ਨੂੰ ਉਸ ਦੀ ਪੁਰਾਤਨ ਸ਼ਾਨ ਵਿਚ ਵਾਪਸ ਲਿਆਉਣਾ ਚਾਹੀਦਾ ਹੈ, ਜਿੱਥੇ ਸਮਾਜ ਵਿਚ ਔਰਤਾਂ ਦਾ ਸਨਮਾਨਯੋਗ ਸਥਾਨ ਸੀ। ਹੁਣ ਔਰਤਾਂ ਗੁੰਡਿਆਂ ਤੋਂ ਡਰਦੀਆਂ ਹਨ। ਇਹ ਸਥਿਤੀ ਸਰਕਾਰ ਦੀ ਅਸੰਵੇਦਨਸ਼ੀਲਤਾ ਕਾਰਨ ਪੈਦਾ ਹੋਈ ਹੈ। ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁੱਦੇ ‘ਤੇ ਰਾਜਪਾਲ ਨੇ ਕਿਹਾ, ਮੈਂ (ਪੀੜਤ ਦੀ) ਮਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ। ਕਾਨੂੰਨ ਆਪਣੀ ਪ੍ਰਕਿਰਿਆ ਦਾ ਪਾਲਣ ਕਰੇਗਾ।
ਰਾਜਪਾਲ ਨੇ ਅੱਜ ਰੱਖੜੀ ਦੇ ਮੌਕੇ ‘ਤੇ ਰਾਜ ਭਵਨ ਵਿਖੇ ਮਹਿਲਾ ਨੇਤਾਵਾਂ ਅਤੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ, ਪੱਛਮੀ ਬੰਗਾਲ ਵਿੱਚ ਲੋਕਤੰਤਰ ਕਮਜ਼ੋਰ ਹੋ ਰਿਹਾ ਹੈ। ਅੱਜ ਸਾਨੂੰ ਆਪਣੀਆਂ ਧੀਆਂ ਭੈਣਾਂ ਦੀ ਰੱਖਿਆ ਲਈ ਸਹੁੰ ਚੁੱਕਣੀ ਪਵੇਗੀ। ਅਜਿਹਾ ਸਮਾਜ ਹੋਣਾ ਚਾਹੀਦਾ ਹੈ ਜਿੱਥੇ ਔਰਤਾਂ ਖੁਸ਼ ਅਤੇ ਸੁਰੱਖਿਅਤ ਮਹਿਸੂਸ ਕਰਨ। ਅਸੀਂ ਆਪਣੀਆਂ ਭੈਣਾਂ ਪ੍ਰਤੀ ਆਪਣੇ ਮਿਸ਼ਨ ਵਿੱਚ ਅਸਫਲ ਰਹੇ ਹਾਂ। ਮਰਦਾਂ ਕੋਲ ਅਜੇ ਵੀ ਆਪਣੇ ਆਪ ਨੂੰ ਸੁਧਾਰਨ ਦਾ ਸਮਾਂ ਹੈ।