ਗੁਰਾਇਆ , 19 ਅਗਸਤ (ਖਬਰ ਖਾਸ ਬਿਊਰੋ)
ਰੱਖੜੀ ਦੇ ਸ਼ੁਭ ਤਿਊਹਾਰ ਦੇ ਦਿਨ ਪਿੰਡ ਰੁੜਕਾ ਕਲਾਂ ਵਿਖੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭੈਣ ਤੋਂ ਗੁੱਟ ਉੱਤੇ ਰੱਖੜੀ ਬਣਾਉਣ ਤੋਂ ਪਹਿਲਾਂ ਹੀ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਕਰ ਗਿਆ। ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਗਮ ਵਿਚ ਬਦਲ ਗਿਆ।
ਜਾਣਕਾਰੀ ਅਨੁਸਾਰ ਪਿੰਡ ਰੁੜਕਾ ਕਲਾਂ ਦਾ ਨੌਜਵਾਨ ਆਪਣੇ ਪਿੰਡ ਆ ਰਿਹਾ ਸੀ, ਉਸੀ ਦੌਰਾਨ ਉਸਦਾ ਮੋਟਰਸਾਇਕਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਿਸ ਕਰਕੇ ਉਸਦੀ ਮੌਤ ਹੋ ਗਈ। ਮ੍ਰਿਤਕ (22 ਸਾਲਾ ਨੌਜਵਾਨ) ਦੀ ਪਹਿਚਾਣ ਗੌਰਵ ਰੌਲੀ ਪੁੱਤਰ ਯਗੇਸ਼ ਰੌਲੀ ਵਜੋਂ ਹੋਇਆ ਹੈ।
ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੌਰਵ ਹਿਮਾਚਲ ਵਿਚ ਮਾਤਾ ਚਿੰਤਪੁਰਨੀ ਵਿਖੇ ਇੱਕ ਮਨਿਆਰੀ ਦੀ ਦੁਕਾਨ ਉਤੇ ਕੰਮ ਕਰਦਾ ਸੀ। ਉਹ ਤਿੰਨ ਮਹੀਨੇ ਬਾਅਦ ਕੱਲ੍ਹ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਆਪਣੀ ਭੈਣ ਕੋਲੋਂ ਰੱਖੜੀ ਬੰਨ੍ਹਵਾਉਣ ਲਈ ਆ ਰਿਹਾ ਸੀ।
ਇਸ ਦੌਰਾਨ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇਜ਼ ਰਫਤਾਰ ਹੋਣ ਕਾਰਨ ਸਲਿੱਪ ਹੋ ਕੇ ਕੰਧ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਐਂਬੂਲੈਂਸ ਰਾਹੀਂ ਡੀਐਮਸੀ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਰੈਫਰ ਕਰਨ ਲਈ ਆਖ ਦਿੱਤਾ, ਪੀਜੀਆਈ ਲਈ ਲਿਜਾਂਦੇ ਉਸ ਦੀ ਮੌਤ ਹੋ ਗਈ।