ਕਲਕੱਤਾ/ ਚੰਡੀਗੜ੍ਹ (ਖ਼ਬਰ ਖਾਸ ਬਿਊਰੋ)
ਕਲਕੱਤਾ ਦੇ ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੀ ਘਟਨਾਂ ਨੂੰ ਲੈ ਕੇ ਦੇਸ਼ ਵਿੱਚ ਗੁੱਸੇ ਦੀ ਲਹਿਰ ਹੈ।ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਇਸ ਸਬੰਧੀ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੇ ਵੱਖ-ਵੱਖ ਵਰਗਾ ਦੇ ਪ੍ਰਤੀਨਿਧੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਰਾਜਪਾਲ ਨੇ ਇਹ ਕਦਮ ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਲਿਖੇ ਇੱਕ ਖੁੱਲ੍ਹੇ ਪੱਤਰ ਤੋਂ ਬਾਅਦ ਚੁੱਕਿਆ ਹੈ। ਰਾਜ ਭਵਨ, ਕਲਕੱਤਾ ਨੇ ਟਵਿੱਟਰ ‘ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮਾਨਯੋਗ ਰਾਜਪਾਲ ਨੇ ਆਰਜੀ ਕਾਰ ਮੈਡੀਕਲ ਕਾਲਜ ‘ਚ ਵਾਪਰੀ ਦੁਖਦਾਈ ਘਟਨਾ ‘ਤੇ ਹਰਭਜਨ ਸਿੰਘ ਦੇ ਪੱਤਰ ‘ਤੇ ਤੁਰੰਤ ਕਾਰਵਾਈ ਕੀਤੀ ਹੈ। ਰਾਜਪਾਲ ਨੇ ਬੰਗਾਲ ਦੇ ਲੋਕਾਂ ਦੇ ਵੱਖ-ਵੱਖ ਵਰਗਾਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ ਤਾਂ ਜੋ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਇਸ ਸਬੰਧ ਵਿੱਚ ਉਨ੍ਹਾਂ ਦੀ ਰਾਏ ਲਈ ਜਾ ਸਕੇ।
ਪੋਸਟ ਵਿਚ ਰਾਜਪਾਲ ਨੇ ਹਰਭਜਨ ਸਿੰਘ ਨੂੰ ਟੈਗ ਕਰਕੇ ਜਾਣਕਾਰੀ ਦੇਣ ਦੀ ਗੱਲ ਕਹੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਵੀ ਆਨੰਦ ਬੋਸ ਨੂੰ ਪੱਤਰ ਲਿਖਕੇ ਹਰਭਜਨ ਸਿੰਘ ਨੇ ਨਿਆਂ ‘ਚ ਦੇਰੀ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਇਸ ਘਟਨਾ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਪੂਰੀ ਸਜ਼ਾ ਦਿੱਤੀ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਹਰਭਜਨ ਨੇ ਲਿਖਿਆ ਹੈ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਸਿਸਟਮ ਵਿੱਚ ਭਰੋਸਾ ਬਣਿਆ ਰਹੇ ਅਤੇ ਹਰ ਔਰਤ ਸੁਰੱਖਿਅਤ ਮਹਿਸੂਸ ਕਰੇ।ਮੈਨੂੰ ਲੱਗਦਾ ਹੈ ਕਿ ਕਾਰਵਾਈ ਕਰਨ ਦਾ ਸਮਾਂ ਹੁਣ ਹੈ।
ਹਰਭਜਨ ਸਿੰਘ ਨੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਘਟਨਾਵਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਅਖਬਾਰਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਨਿਯਮਿਤ ਕਾਲਮ ਬਣ ਗਈਆਂ ਹਨ। ਹਰਭਜਨ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰਾਂ ਨੂੰ ਵਿਆਪਕ ਉਪਰਾਲੇ ਕਰਨੇ ਚਾਹੀਦੇ ਹਨ। ਉਸਨੇ ਕਿਹਾ ਕਿ ਇਸ ਵਿੱਚ ਹਸਪਤਾਲਾਂ ਦੇ ਅੰਦਰ ਸੁਰੱਖਿਆ ਪ੍ਰੋਟੋਕੋਲ ਨੂੰ ਮਜ਼ਬੂਤ ਕਰਨਾ, ਹਿੰਸਾ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਅਤੇ ਸਾਰੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਇੱਕ ਸੁਰੱਖਿਅਤ ਕੰਮ ਕਰਨ ਵਾਲਾ ਮਾਹੌਲ ਬਣਾਉਣਾ ਸ਼ਾਮਲ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਵੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਸਮਰਥਨ ਕੀਤਾ ਜੋ ਸੁਰੱਖਿਅਤ ਕੰਮਕਾਜੀ ਮਾਹੌਲ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਹਨ। ਉਸਨੇ ਲਿਖਿਆ ਕਿ ਮੈਡੀਕਲ ਕਮਿਊਨਿਟੀ ਪਹਿਲਾਂ ਹੀ ਚੁਣੌਤੀਪੂਰਨ ਹਾਲਾਤਾਂ ਵਿੱਚ ਕੰਮ ਕਰ ਰਹੀ ਹੈ। ਅਜਿਹੀਆਂ ਘਟਨਾਵਾਂ ਨਾਲ, ਜਦੋਂ ਉਨ੍ਹਾਂ ਦੀ ਆਪਣੀ ਸੁਰੱਖਿਆ ਇੰਨੀ ਬੁਰੀ ਤਰ੍ਹਾਂ ਖ਼ਤਰੇ ਵਿੱਚ ਹੈ ਤਾਂ ਅਸੀਂ ਉਨ੍ਹਾਂ ਤੋਂ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਉਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ?
ਵਰਨਣਯੋਗ ਹੈ ਕਿ 9 ਅਗਸਤ ਨੂੰ ਕਲਕੱਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਚੈਸਟ ਡਿਪਾਰਟਮੈਂਟ ਦੀ ਤੀਜੀ ਮੰਜ਼ਿਲ ‘ਤੇ ਸਥਿਤ ਸੈਮੀਨਾਰ ਹਾਲ ‘ਚ ਦੇਰ ਰਾਤ ਵਾਪਰੀ ਅਤੇ ਪੁਲਿਸ ਨੇ ਬਾਅਦ ‘ਚ ਦੱਸਿਆ ਕਿ ਉਸ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਜ਼ਖਮਾਂ ਦੇ ਨਿਸ਼ਾਨ ਮਿਲੇ ਹਨ। ਮੁੱਖ ਦੋਸ਼ੀ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਜਾਂਚ ਏਜੰਸੀਆਂ ਨੇ ਅਜੇ ਤੱਕ ਇਸ ਅਪਰਾਧ ਵਿੱਚ ਹੋਰਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਘਟਨਾ ਨੇ ਡਾਕਟਰੀ ਭਾਈਚਾਰੇ ਦੇ ਅੰਦਰ ਅਤੇ ਬਾਹਰ ਵਿਆਪਕ ਰੋਸ ਅਤੇ ਵਿਰੋਧ ਫੈਲਾਇਆ ਹੈ।ਘਟਨਾਂ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਵੀ ਖੁਦ ਨੋਟਿਸ ਲਿਆ ਹੈ।