ਨਵੀਂ ਦਿੱਲੀ, 19 ਅਗਸਤ (ਖ਼ਬਰ ਖਾਸ ਬਿਊਰੋ)
ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਪਣੇ ਵਾਹਨ ਰਾਹੀਂ ਰਾਜਧਾਨੀ ਦਿੱਲੀ ਆਉਣ ਵਾਲਿਆਂ ਨੂੰ ਸਾਵਧਾਨ ਰਹਿਣਾ ਪਵੇਗਾ। ਅਗਰ ਤੁਸੀ ਟ੍ਰੈਫਿਕ ਨਿਯਮਾਂ ਦੀ ਥੋੜੀ ਜਿਹੀ ਉਲੰਘਣਾਂ ਕੀਤੀ ਤਾਂ ਤੁਹਾਡਾ ਚਾਲਾਨ ਕੱਟ ਜਾਵੇਗਾ। ਦਰਅਸਲ ਟਰਾਂਸਪੋਰਟ ਵਿਭਾਗ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਬੱਸਾਂ ਤੇ ਹੋਰ ਵਪਾਰਕ ਵਾਹਨਾਂ, ਗੈਰ-ਕਾਨੂੰਨੀ ਪਾਰਕਿੰਗ ਅਤੇ ਈ-ਰਿਕਸ਼ਾ ਚਾਲਕਾਂ ਦੀ ਮਨਮਾਨੀ ਨੂੰ ਰੋਕਣ ਅਤੇ ਬੱਸਾਂ ਦੀ ਲੇਨ ਡਰਾਈਵਿੰਗ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਾਰਵਾਈ ਕਰ ਰਿਹਾ ਹੈ। ਟਰਾਂਸਪੋਰਟ ਵਿਭਾਗ ਨੇ ਸਿਰਫ਼ ਦੋ ਹਫ਼ਤਿਆਂ ਵਿੱਚ ਹੀ 1500 ਤੋਂ ਵੱਧ ਵਾਹਨ ਜ਼ਬਤ ਕਰ ਲਏ ਹਨ। ਇਸ ਦੇ ਨਾਲ ਹੀ 6000 ਤੋਂ ਵੱਧ ਚਲਾਨ ਵੀ ਕੀਤੇ ਗਏ ਹਨ। ਪੀਯੂਸੀ ਸੈਂਟਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੁਣ ਬਿਨਾਂ ਪੀਯੂਸੀ ਸਰਟੀਫਿਕੇਟ ਦੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਹੁਣ ਰਾਜਧਾਨੀ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਹਰ ਹਫ਼ਤੇ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਕਰ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਵਾਹਨ ਜ਼ਬਤ ਕੀਤੇ ਜਾ ਰਹੇ ਹਨ। ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਪਹਿਲੀ ਮੀਟਿੰਗ ‘ਚ ਐੱਲ.ਜੀ. ਨੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਗੈਰ-ਕਾਨੂੰਨੀ ਈ-ਰਿਕਸ਼ਾ, ਫਲਾਈਓਵਰਾਂ ਅਤੇ ਮੁੱਖ ਸੜਕਾਂ ‘ਤੇ ਰੁਕਣ ਵਾਲੀਆਂ ਨਿੱਜੀ ਬੱਸਾਂ, ਓਵਰਲੋਡ ਵਪਾਰਕ ਵਾਹਨਾਂ ਅਤੇ ਗੈਰ-ਕਾਨੂੰਨੀ ਪਾਰਕਿੰਗ ‘ਚ ਖੜ੍ਹੇ ਵਾਹਨਾਂ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 5 ਅਗਸਤ ਤੋਂ 17 ਅਗਸਤ ਤੱਕ ਕੁੱਲ 1512 ਵਾਹਨ ਜ਼ਬਤ ਕੀਤੇ ਗਏ ਹਨ। ਇੱਥੇ ਸਮਰੱਥਾ ਤੋਂ ਵੱਧ ਯਾਤਰੀ ਸਨ। ਇਸ ਦੇ ਨਾਲ ਹੀ ਪਰਮਿਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 424 ਪ੍ਰਾਈਵੇਟ ਬੱਸਾਂ ਵੀ ਸ਼ਾਮਲ ਹਨ। ਬਿਨਾਂ ਰਜਿਸਟ੍ਰੇਸ਼ਨ ਪਲੇਟਾਂ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ 500 ਈ-ਰਿਕਸ਼ਾ ਵੀ ਜ਼ਬਤ ਕੀਤੇ ਗਏ ਹਨ। 174 ਰਜਿਸਟਰਡ ਈ-ਰਿਕਸ਼ਾ ਵੀ ਗਲਤ ਸਾਈਡ ‘ਤੇ ਚੱਲਣ ਅਤੇ ਸਮਰੱਥਾ ਤੋਂ ਵੱਧ ਸਵਾਰੀਆਂ ਲਿਜਾਣ ਦੇ ਦੋਸ਼ ‘ਚ ਜ਼ਬਤ ਕੀਤੇ ਗਏ ਹਨ। ਓਵਰਲੋਡਿੰਗ ਕਮਰਸ਼ੀਅਲ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 123 ਵੱਡੇ ਟਰੱਕ ਅਤੇ 291 ਟੈਂਪੂ ਆਦਿ ਜ਼ਬਤ ਕੀਤੇ ਗਏ ਹਨ।
ਇਨਫੋਰਸਮੈਂਟ ਟੀਮਾਂ ਨੇ ਕੁੱਲ 6,298 ਚਲਾਨ ਕੀਤੇ ਹਨ। ਜਿਨ੍ਹਾਂ ਵਿੱਚੋਂ 5,612 ਚਲਾਨ ਨਾਜਾਇਜ਼ ਪਾਰਕਿੰਗ ਦੇ ਹਨ। ਇਸ ਦੇ ਨਾਲ ਹੀ ਪੀਯੂਸੀ ਸਰਟੀਫਿਕੇਟ ਤੋਂ ਬਿਨਾਂ ਗੱਡੀ ਚਲਾ ਰਹੇ 596 ਲੋਕਾਂ ਦੇ ਚਲਾਨ ਵੀ ਕੀਤੇ ਗਏ ਹਨ। ਬੱਸਾਂ ਦੀ ਲੇਨ ਡਰਾਈਵਿੰਗ ਨੂੰ ਯਕੀਨੀ ਬਣਾਉਣ ਲਈ ਮੁੱਖ ਗਲਿਆਰਿਆਂ ‘ਤੇ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਲੇਨ ਦੀ ਉਲੰਘਣਾ ਕਰਨ ਵਾਲੀਆਂ 37 ਡੀਟੀਸੀ ਬੱਸਾਂ ਅਤੇ 53 ਕਲੱਸਟਰ ਸਕੀਮ ਬੱਸਾਂ ਦੇ ਚਲਾਨ ਕੀਤੇ ਹਨ।