ਗ਼ਦਰੀ ਬਾਬੇ ਵਿਚਾਰਧਾਰਕ ਮੰਚ ਨੇ ਨਵੇਂ ਅਪਰਾਧਕ ਕਾਨੂੰਨਾਂ ਉੱਤੇ ਸੈਮੀਨਾਰ ਕਰਵਾਇਆ
ਮੋਰਿੰਡਾ : 17 ਅਗਸਤ (ਖ਼ਬਰ ਖਾਸ ਬਿਊਰੋ )
ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਨੇ ‘ਨਵੇਂ ਅਪਰਾਧਕ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ’ ਵਿਸ਼ਾ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਇੱਥੇ ਧੀਮਾਨ ਮੈਰਿਜ ਪੈਲਿਸਵਿਖੇ ਕਰਵਾਇਆ। ਜਿਸ ਦੀ ਪ੍ਰਧਾਨਗੀ ਸੀਨੀਅਰ ਐਡਵੋਕੇਟ ਤਾਰਾ ਸਿੰਘ ਚਾਹਲ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪੱਛਮੀ ਬੰਗਾਲ ਵਿੱਚ ਇੱਕ ਸਰਕਾਰੀ ਹਸਪਤਾਲ ਦੀ ਜੂਨੀਅਰ ਡਾਕਟਰ ਨਾਲ ਕੀਤੇ ਜਬਰ ਜਿਨਾਹ ਤੋੱ ਬਾਅਦ ਕੀਤੀ ਗਈ ਹੱਤਿਆ ਦੀ ਨਿਖੇਧੀ ਅਤੇ ਉਸ ਨੂੰ ਸਰਧਾਂਜਲੀ ਦੇਣ ਨਾਲ ਕੀਤੀ ਗਈ। ਅੱਜ ਦੇ ਦਿਨ ਹੀ ਦੇਸ਼ ਦੀ ਅਜ਼ਾਦੀ ਲਹਿਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਗਿਆ।
ਉਪਰੰਤ ਸੈਮੀਨਾਰ ਦੀ ਸ਼ੁਰੂਆਤ ਮਸਲਿਆਂ ਨੂੰ ਸਮਰਪਿਤ ਐਡਵੋਕੇਟ ਅਮਨ ਦੇ ਭਾਸ਼ਣ ਨਾਲ ਹੋਈ। ਉਹਨਾਂ ਕਿਹਾ ਕਿ ਨਵੇਂ ਅਪਰਾਧਕ ਕਾਨੂੰਨਾਂ ਨੂੰ ਬਦਲੇ ਜਾਣ ਨਾਲ ਮਨੁੱਖੀ ਅਧਿਕਾਰਾਂ ਉੱਤੇ ਜ਼ਬਰਦਸਤ ਹਮਲੇ ਹੋਣਗੇ। ਉਹਨਾਂ ਕਿਹਾ ਕਿ ਹੁਣ ਪੁਲਿਸ ਤੰਤਰ ਨੂੰ ਪੂੰਜੀਵਾਦੀ ਹਕੂਮਤਾਂ ਆਪਣੇ ਸਿਆਸੀ ਵਿਰੋਧੀਆਂ, ਆਪਣੇ ਹੱਕਾਂ ਹਕੂਕਾਂ ਲਈ ਲੜਦੇ ਲੋਕਾਂ, ਮਨੁੱਖੀ ਚੇਤਨਾ ਲਈ ਕੰਮ ਕਰਦੇ ਵਿਦਵਾਨਾਂ, ਪੱਤਰਕਾਰਾਂ ਅਤੇ ਮਜ਼ਦੂਰਾਂ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਵਰਤਣ ਵਿੱਚ ਹੋਰ ਸੌਖੇ ਹੋ ਜਾਣਗੇ। ਨਵੇਂ ਅਪਰਾਧਕ ਕਾਨੂੰਨਾਂ ਤਹਿਤ ਪੁਲਿਸ ਨੂੰ ਹੋਰ ਅਖਤਿਆਰ ਦੇਣ ਨਾਲ ਮਨੁੱਖੀ ਅਧਿਕਾਰਾਂ ਦਾ ਘਾਂਣ ਹੋਵੇਗਾ। ਇਹਨਾਂ ਕਾਨੂੰਨਾਂ ਨਾਲ ਕਾਰਪੋਰੇਟ ਸਰਕਾਰਾਂ ਲੋਕਾਂ ਦੀ ਆਵਾਜ਼ ਦਬਾਉਣ ਦੀ ਖੁੱਲ੍ਹ ਲੈਣਗੀਆਂ। ਉਹਨਾਂ ਕਿਹਾ ਕਿ ਸਾਨੂੰ ਇਹੋ ਜਿਹੇ ਸਮਾਗਮ ਕਰਵਾ ਕੇ ਲੋਕਾਂ ਨੂੰ ਚੇਤਨ ਕਰਨਾ ਹੋਵੇਗਾ ਤਾਂ ਕਿ ਕਾਲੇ ਕਾਨੂੰਨਾ ਖ਼ਿਲਾਫ਼ ਲੋਕ ਉੱਠ ਖੜ੍ਹੇ ਹੋਣ।
ਇਹਨਾਂ ਤੋਂ ਬਾਅਦ ਸੀਨੀਅਰ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਨਵੇਂ ਅਪਰਾਧਕ ਕਾਨੂੰਨ ਫਾਸ਼ੀਵਾਦ ਦੀ ਕਰੂਰ ਨਿਸਾਨੀ ਹੈ। ਸੰਨ 2014 ਤੋਂ ਬਾਅਦ ਨਰਿੰਦਰ ਮੋਦੀ ਦੀ ਐੱਨ ਡੀ ਏ ਸਰਕਾਰ ਨੇ ਘੱਟ ਗਿਣਤੀ ਖਿਲਾਫ ਸੀ ਏ ਏ ਤੇ ਐੱਨ ਆਰ ਸੀ, ਮਜ਼ਦੂਰਾਂ ਵਿਰੁੱਧ ਚਾਰ ਕੋਡ ਬਿੱਲ ਅਤੇ ਕਿਸਾਨਾ ਵਿਰੁੱਧ ਤਿੰਨ ਖੇਤੀ ਕਾਨੂੰਨ ਲਿਆ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਫਾਸ਼ੀਵਾਦੀ ਹੋਣ ਦੇ ਨਾਲ ਪੂੰਜੀਪਤੀਆਂ ਦੀ ਸੇਵਾ ਵਿੱਚ ਵੀ ਭੁਗਤ ਰਹੀ ਹੈ। ਉਸ ਨੇ ਮਨੁੱਖੀ ਅਧਿਕਾਰਾਂ ਲਈ ਲੜਦੇ ਲੋਕਾਂ,ਲੇਖਕਾਂ, ਪੱਤਰਕਾਰਾਂ,ਸਮਾਜਿਕ ਕਾਰਕੁੰਨਾਂ ਖਿਲਾਫ ਯੂ ਏ ਪੀ ਏ ਵਰਗੀਆਂ ਧਾਰਾਵਾਂ ਲਾ ਕੇ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ। ਉਹਨਾਂ ਭੀਮਾ ਕੋਰੇਗਾਓਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਸ ਇਕੱਠ ਵਿੱਚ ਮਨੁੱਖੀ ਬਰਾਬਰਤਾ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ ਨੂੰ ਦੇਸ਼ ਧ੍ਰੋਹ ਵਰਗੀਆਂ ਧਾਰਾਵਾਂ ਤਹਿਤ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੈ। ਜਿਸ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਸੈਮੀਨਾਰ ਦੇ ਪ੍ਰਬੰਧਕਾਂ ਦੀ ਇਸ ਭਖਦੇ ਮੁੱਦੇ ਉੱਤੇ ਗੱਲ ਕਰਵਾਉਂਣ ਲਈ ਪ੍ਰਸੰਸਾ ਵੀ ਕੀਤੀ। ਉਕਤ ਬੁਲਾਰਿਆਂ ਨਾਲ ਸੰਵਾਦ ਰਚਾਉਣ ਲਈ ਕਾਮਰੇਡ ਬਿਰਜੇਸ਼ ਪੰਡਿਤ ਨੇ ਸਵਾਲ ਵੀ ਉਠਾਏ। ਹੋਰ ਬੁਲਾਰਿਆਂ ਵਿੱਚ ਅਮਰਜੀਤ ਸਿੰਘ ਕੰਗ, ਪੱਤਰਕਾਰ ਜੈ ਸਿੰਘ ਛਿੱਬਰ,ਸਵਰਨ ਸਿੰਘ ਭੰਗੂ ਅਤੇ ਮੰਚ ਦੇ ਸਕੱਤਰ ਸੁਖਵਿੰਦਰ ਸਿੰਘ ਦੁਮਣਾ ਨੇ ਆਪੋ ਆਪਣੇ ਵਿਚਾਰ ਰੱਖੇ। ਮੰਚ ਦੇ ਜਨਰਲ ਸਕੱਤਰ ਸੰਤਵੀਰ ਨੇ ਮੰਚ ਸੰਚਾਲਨ ਕੀਤਾ। ਆਏ ਹੋਏ ਸਰੋਤੀਆਂ ਦਾ ਕਾਮਰੇਡ ਕਾਕਾ ਰਾਮ ਵਲੋਂ ਰਸਮੀ ਧੰਨਵਾਦ ਕੀਤਾ ਗਿਆ।
ਇਸ ਸਮੇਂ ਮੰਚ ਦੇ ਜਨਰਲ ਸਕੱਤਰ ਸੰਤਵੀਰ,ਗੁਰਦੀਪ ਸਿੰਘ ਮੋਹਾਲੀ, ਕਾਮਰੇਡ ਦਿਨੇਸ਼ ਪ੍ਰਸਾਦ ,ਸਤਨਾਮ ਸਿੰਘ, ਪਰਕਾਸ ਸਿੰਘ ਰੰਗੀ,ਭੁਪਿੰਦਰ ਮਦਨਹੇੜੀ, ਸੁਰਿੰਦਰ ਸਿੰਘ ਬਡਾਲਾ,ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਯੋਗ ਰਾਜ,ਗੁਰਦੀਪ ਸਿੰਘ ਵੜੈਚ,ਉੱਘੇ ਗੀਤਕਾਰ ਹਰਬੰਸ ਮਾਲਵਾ, ਨੇਤਰ ਸਿੰਘ ਮੁੱਤੋਂ,ਡਾਕਟਰ ਰਾਜਪਾਲ ਸਿੰਘ,ਮੋਹਿਤ,ਚਰਨ ਸਿੰਘ ਕੰਗ,ਤਰਲੋਚਨ ਸਿੰਘ,ਰਣਜੋਧ ਸਿੰਘ ਸੁਖਜਿੰਦਰ ਸਿੰਘ, ਪ੍ਰੋਮਿਲਾ ਦੇਵੀ ਨੂਰਪੁਰ ਬੇਦੀ,ਬਲਬੀਰ ਕੌਰ, ਅਜਮੇਰ ਸਿੰਘ, ਜਗੀਰ ਸਿੰਘ,ਪਰਮਜੀਤ ਕੌਰ,ਬੀਬੀ ਸਵਰਨ ਕੌਰ ਖਾਲਸਾ ਨੇ ਮੰਚ ਨੂੰ ਮਾਇਕ ਸਹਾਇਤਾ ਵੀ ਕੀਤੀ ਅਤੇ ਅੱਗੋਂ ਲਈ ਸਹਿਯੋਗ ਦਾ ਭਰੋਸਾ ਵੀ ਦਿਵਾਇਆ।