ਨਵੀਂ ਦਿੱਲੀ, 17 ਅਗਸਤ (ਖ਼ਬਰ ਖਾਸ ਬਿਊਰੋ)
ਪੈਰਿਸ ਖੇਡਾਂ ਵਿੱਚ 90 ਮੀਟਰ ਦੇ ਆਪਣੇ ਟੀਚੇ ਤੋਂ ਮਾਮੂਲੀ ਢੰਗ ਨਾਲ ਖੁੰਝਣ ਬਾਅਦ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਹੁਣ ਇਹ ਟੀਚਾ ਰੱਬ ਉੱਤੇ ਛੱਡ ਦਿੱਤਾ ਹੈ। ਨੀਰਜ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਪੈਰਿਸ ਓਲੰਪਿਕ ਵਿੱਚ ਉਸ ਦੀਆਂ ਛੇ ਕੋਸ਼ਿਸ਼ਾਂ ਵਿੱਚੋਂ ਇਹ ਇੱਕੋ ਇੱਕ ਯੋਗ ਕੋਸ਼ਿਸ਼ ਸੀ। ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤਣਾ ਕਿਸੇ ਭਾਰਤੀ ਅਥਲੀਟ ਲਈ ਵੱਡੀ ਪ੍ਰਾਪਤੀ ਹੈ ਪਰ ਨੀਰਜ ਲਗਾਤਾਰ ਦੋ ਸੋਨ ਤਗਮੇ ਜਿੱਤਣ ਤੋਂ ਖੁੰਝ ਗਿਆ। ਉਸ ਦੀ ਕੋਸ਼ਿਸ਼ ਪਾਕਿਸਤਾਨ ਦੇ ਅਰਸ਼ਦ ਨਦੀਮ ਦੇ 92.97 ਮੀਟਰ ਦੇ ਓਲੰਪਿਕ ਰਿਕਾਰਡ ਤੋਂ ਬਹੁਤ ਘੱਟ ਸੀ। ਇਸ ਦੌਰਾਨ ਨਦੀਮ ਵਿਅਕਤੀਗਤ ਖੇਡਾਂ ਵਿੱਚ ਪਾਕਿਸਤਾਨ ਲਈ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ।