ਫਿਰੋਜ਼ਪੁਰ ਤੀਹਰਾ ਕਤਲ ਮਾਮਲਾ: ਪੰਜਾਬ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਹੋਰ ਅਹਿਮ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਬਠਿੰਡਾ, 17 ਅਗਸਤ: (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਬਠਿੰਡਾ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਤਹਿਤ, ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿੱਚ ਸ਼ਾਮਲ ਇੱਕ ਹੋਰ ਅਹਿਮ ਮੁਲਜ਼ਮ ਲਵਜੀਤ ਸਿੰਘ ਉਰਫ਼ ਲਾਭਾ ਵਾਸੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨਿਚਰਵਾਰ ਨੂੰ ਇੱਥੇ ਦਿੱਤੀ।

ਇਹ ਕਾਰਵਾਈ, ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ 31 ਜੁਲਾਈ, 2024 ਨੂੰ ਫਿਰੋਜ਼ਪੁਰ ਵਿੱਚ ਹੋਈਆਂ ਤਿੰਨ ਤਾਜ਼ਾ ਹੱਤਿਆਵਾਂ ਨੂੰ ਅੰਜਾਮ ਦੇਣ ਵਾਲੇ ਮਾਸਟਰਮਾਈਂਡ ਸੁਨੀਲ ਭੰਡਾਰੀ ਉਰਫ਼ ਨਾਟਾ ਸਮੇਤ ਪੰਜ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਲਵਜੀਤ ਸਿੰਘ, ਜੋ ਕਿ ਗੈਂਗਸਟਰ ਸੁਨੀਲ ਭੰਡਾਰੀ ਉਰਫ਼ ਨਾਟਾ ਦਾ ਮੁੱਖ ਸਾਥੀ ਹੈ, ਨੇ ਕਤਲ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਕਾਬੂ ਕੀਤੇ ਮੁਲਜ਼ਮ ਲਵਜੀਤ ਲਾਭਾ ਦੇ ਕਬਜ਼ੇ ’ਚੋਂ ਦੋ ਪਿਸਤੌਲ-ਇੱਕ .30 ਬੋਰ ਦਾ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਸਮੇਤ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਅਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਪਿੰਡ ਖਾਨੇ ਕੀ ਢਾਬ ਅਤੇ ਪਿੰਡ ਈਨਾ ਖੇੜਾ ਵਿਖੇ ਸ਼ੱਕੀ ਵਿਅਕਤੀ ਦੀ ਮੌਜੂਦਗੀ ਬਾਰੇ ਖੁਫੀਆ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ, ਸੀ.ਆਈ.ਏ. ਬਠਿੰਡਾ ਦੀਆਂ ਪੁਲਿਸ ਟੀਮਾਂ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁਲਜ਼ਮ ਲਵਜੀਤ ਸਿੰਘ ਨੂੰ ਪਿੰਡ ਈਨਾ ਖੇੜਾ ਦੇ ਸੂਏ ਦੇ ਪੁਲ ਨੇੜਿਓਂ ਕਾਬੂ ਕਰ ਲਿਆ।

ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਐਫ.ਆਈ.ਆਰ. ਨੰ. 88 ਮਿਤੀ 16.08.2024 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਦਰ ਮਲੋਟ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਅਪਰਾਧਿਕ ਰਿਕਾਰਡ ਅਨੁਸਾਰ ਗ੍ਰਿਫਤਾਰ ਕੀਤਾ ਮੁਲਜ਼ਮ ਲਵਜੀਤ ਸਿੰਘ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ ਅਤੇ ਸਤੰਬਰ 2023 ਵਿੱਚ ਫਰੀਦਕੋਟ ਜੇਲ੍ਹ ਵਿੱਚੋਂ ਬਾਹਰ ਆਇਆ ਸੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

Leave a Reply

Your email address will not be published. Required fields are marked *