ਚੰਡੀਗੜ੍ਹ, 17 ਅਗਸਤ, (ਖ਼ਬਰ ਖਾਸ ਬਿਊਰੋ)
ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿੱਚ ਸਿਖਿਆਰਥੀ ਮਹਿਲਾ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਖ਼ਿਲਾਫ਼ ਡਾਕਟਰਾਂ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਅਤੇ ਕੰਮ ਵਾਲੀਆਂ ਥਾਵਾਂ ‘ਤੇ ਡਾਕਟਰਾਂ ਤੇ ਹੋਰ ਸਹਿਯੋਗੀ ਸਟਾਫ ਦੀ ਸੁਰੱਖਿਆ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਓਪੀਡੀਜ਼ ਦੀਆਂ ਸੇਵਾਵਾਂ ਠੱਪ ਰਹੀਆਂ ਅਤੇ ਕੁੱਝ ਸਰਜਰੀਆਂ ਵੀ ਨਹੀਂ ਕੀਤੀਆਂ ਗਈਆਂ ਪਰ ਐਮਰਜੰਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਥਿਤ ਬਲਾਤਕਾਰ ਅਤੇ ਹੱਤਿਆ ਅਤੇ ਇਸ ਤੋਂ ਬਾਅਦ ਕੀਤੀ ਗਈ ਭੰਨਤੋੜ ਦੇ ਵਿਰੋਧ ਵਿੱਚ ਅੱਜ ਸਵੇਰੇ 6 ਵਜੇ ਤੋਂ 24 ਘੰਟਿਆਂ ਲਈ ਗੈਰ-ਐਮਰਜੈਂਸੀ ਸੇਵਾਵਾਂ ਠੱਪ ਕਰਨ ਦਾ ਦੇਸ਼ ਵਿਆਪੀ ਸੱਦਾ ਦਿੱਤਾ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਵਿੱਚ ਰੈਜ਼ੀਡੈਂਟ ਡਾਕਟਰਾਂ ਦਾ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਪੁਰਾਣੇ ਅਤੇ ਨਵੇਂ ਮਰੀਜ਼ਾਂ ਲਈ ਓਪੀਡੀ ਸੇਵਾਵਾਂ ਬੰਦ ਰਹੀਆਂ ਪਰ ਐਮਰਜੰਸੀ ਅਤੇ ਗੰਭੀਰ ਦੇਖਭਾਲ ਸੇਵਾਵਾਂ ਜਾਰੀ ਰਹੀਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦਾ ਪੀਜੀਆਈਐਮਈਆਰ ਚੰਡੀਗੜ੍ਹ ਦੀ ਫੈਕਲਟੀ ਐਸੋਸੀਏਸ਼ਨ ਵੀ ਸਮਰਥਨ ਕਰ ਰਹੀ ਹੈ।