ਕੀ ਹੈ ਕਲਕੱਤਾ ਹਸਪਤਾਲ ਦੀ ਘਟਨਾ?

ਕੋਲਕਾਤਾ, 17 ਅਗਸਤ (ਖ਼ਬਰ ਖਾਸ ਬਿਊਰੋ) 

ਕਲਕੱਤਾ ਦੇ ਇਕ ਮੈਡੀਕਲ ਕਾਲਜ ਵਿਚ ਜੂਨੀਅਰ ਡਾਕਟਰ ਨਾਲ ਵਾਪਰੀ ਹੈਵਾਨੀਅਤ ਦੀ ਘਟਨਾਂ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੈ। ਦੇਸ਼ ਭਰ ਦੇ ਡਾਕਟਰ ਹੜਤਾਲ ਕਰ ਰਹੇ ਹਨ। ਦੋਸ਼ੀਆਂ ਤੇ ਸਿਸਟਮ ਖਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਔਰਤ ਜਾਂ ਲੜਕੀ ਨਾਲ ਦੇਸ਼ ਤੇ ਸਮਾਜ ਨੂੰ ਸ਼ਰਮਸਾਰੀ ਕਰਨ ਵਾਲੀ ਵਿਚ ਇਹ ਪਹਿਲੀ ਘਟਨਾਂ ਨਹੀਂ ਹੈ। ਅਤੀਤ ਵਿਚ ਬਹੁਤ ਸਾਰੀਆਂ ਘਟਨਾਵਾਂ ਨੇ ਧਿਆਨ ਵੀ ਖਿੱਚਿਆ, ਇਸੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਵੀ  ਹੋਏ ਹਨ। ਨਿਰਭਯਾ ਕਾਂਡ ਨੇ ਦਿੱਲੀ ਦੀ ਮਨਮੋਹਨ ਸਰਕਾਰ ਹਿਲਾਕੇ ਰੱਖ ਦਿੱਤੀ ਸੀ। ਸਖ਼ਤ ਕਾਨੂੰਨ ਵੀ ਬਣ ਗਏ ਪਰ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ ,ਕਿਉਂ ?

ਕੀ ਹੈ ਘਟਨਾ

ਆਰਜੀ ਕਾਰ ਮੈਡੀਕਲ ਕਾਲਜ-ਹਸਪਤਾਲ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬੇਰਹਿਮੀ ਦੀ ਘਟਨਾ 8-9 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ। ਮ੍ਰਿਤਕ ਮੈਡੀਕਲ ਕਾਲਜ ਦੇ ਚੈਸਟ ਮੈਡੀਸਨ ਵਿਭਾਗ ਵਿਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਵਿਦਿਆਰਥੀ ਅਤੇ ਸਿਖਿਆਰਥੀ ਡਾਕਟਰ ਸੀ। ਇਹ ਘਟਨਾ ਕਲਕੱਤਾ ਸ਼ਹਿਰ ਦੇ ਲਾਲਬਾਜ਼ਾਰ ਵਿੱਚ ਵਾਪਰੀ ਜੋ ਕਿ ਭੀੜ ਵਾਲਾ ਇਲਾਕਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜੂਨੀਅਰ ਡਾਕਟਰ 8 ਅਗਸਤ ਨੂੰ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰ ਰਹੀ ਸੀ। ਉਸ ਨੇ ਰਾਤ ਨੂੰ 12 ਵਜੇ ਤੋਂ ਬਾਅਦ ਦੋਸਤਾਂ ਨਾਲ ਡਿਨਰ ਵੀ ਕੀਤਾ ਪਰ ਉਸਤੋਂ ਬਾਅਦ ਮਹਿਲਾ ਡਾਕਟਰ ਦਾ ਕੋਈ ਸੁਰਾਗ ਨਹੀਂ ਮਿਲਿਆ।

9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ‘ਚ ਉਸ ਸਮੇਂ ਤੁਫ਼ਾਨ ਆ ਗਿਆ ਜਦੋਂ ਚੌਥੀ ਮੰਜ਼ਿਲ ‘ਤੇ ਸਥਿਤ ਸੈਮੀਨਾਰ ਹਾਲ ‘ਚੋਂ ਇਕ ਡਾਕਟਰ ਦੀ ਅਰਧ ਨਗਨ ਲਾਸ਼ ਬਰਾਮਦ ਹੋਈ। ਮ੍ਰਿਤਕ ਡਾਕਟਰ ਦਾ ਮੋਬਾਈਲ ਫੋਨ ਅਤੇ ਲੈਪਟਾਪ ਮੌਕੇ ਤੋਂ ਬਰਾਮਦ ਕਰ ਲਿਆ ਗਿਆ। 10 ਅਗਸਤ ਦੀ ਸਵੇਰ ਨੂੰ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿੱਚ ਸੰਜੇ ਰਾਏ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆਈ ਕਿ ਗ੍ਰਿਫ਼ਤਾਰ ਵਿਅਕਤੀ ਦੀਆਂ ਗਤੀਵਿਧੀਆਂ ਬਹੁਤ ਸ਼ੱਕੀ ਹਨ ਅਤੇ ਅਜਿਹਾ ਲੱਗਦਾ ਹੈ ਕਿ ਉਹ ਸਿੱਧੇ ਤੌਰ ‘ਤੇ ਘਟਨਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੈ। ਦੋਸ਼ੀ ਬਲੂਟੁੱਥ ਹੈੱਡਫੋਨ ਦੀ ਟੁੱਟੀ ਹੋਈ ਤਾਰ ਨਾਲ ਫੜਿਆ ਗਿਆ ਸੀ ਜੋ ਪੁਲਸ ਨੂੰ ਸੈਮੀਨਾਰ ਰੂਮ ਵਿਚ ਡਿੱਗਿਆ ਮਿਲਿਆ ਸੀ। ਹੁਣ ਜਾਂਚ ਕੇਂਦਰੀ ਜਾਂਚ ਏਜੰਸੀ (CBI) ਕਰ ਰਹੀ ਹੈ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਇਸ ਘਟਨਾ ਵਿੱਚ ਕੀ ਸਵਾਲ ਹਨ?
ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਤੋਂ ਬਾਅਦ ਸਭ ਤੋਂ ਪਹਿਲਾਂ ਸਵਾਲ ਹਸਪਤਾਲ ਪ੍ਰਸ਼ਾਸਨ ‘ਤੇ ਉੱਠਿਆ। ਬੇਰਹਿਮੀ ਦਾ ਸ਼ਿਕਾਰ ਹੋਏ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰ ਨੇ ਕਿਹਾ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਉਸਦੀ ਧੀ ਨੇ ਖੁਦਕੁਸ਼ੀ ਕਰ ਲਈ ਹੈ। ਪੀੜਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਉਸ ਦੀ ਲਾਸ਼ ਦੇਖਣ ਤੋਂ ਪਹਿਲਾਂ ਤਿੰਨ ਘੰਟੇ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਹਾਲਾਂਕਿ, ਰਾਜ ਸਰਕਾਰ ਨੇ ਕਲਕੱਤਾ ਹਾਈ ਕੋਰਟ ਦੇ ਸਾਹਮਣੇ ਕਿਹਾ ਕਿ ਇਹ ਗਲਤ ਹੈ ਕਿ ਮਾਤਾ-ਪਿਤਾ ਨੂੰ ਤਿੰਨ ਘੰਟੇ ਤੱਕ ਇੰਤਜ਼ਾਰ ਕਰਨ ਪਿਆ। ਕਲਕੱਤਾ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਉਸ ਵੱਲੋਂ ਪਰਿਵਾਰ ਨੂੰ ਸੰਭਾਵਿਤ ਖੁਦਕੁਸ਼ੀ ਬਾਰੇ ਸੂਚਿਤ ਕਰਨ ਦੀ ਰਿਪੋਰਟ ਝੂਠੀ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ‘ਮਾਪਿਆਂ ਨੇ ਉਨ੍ਹਾਂ ਨੂੰ ਆਪਣੀ ਧੀ ਦਾ ਚਿਹਰਾ ਦਿਖਾਉਣ ਦੀ ਬੇਨਤੀ ਕੀਤੀ, ਪਰ ਫਿਰ ਵੀ  ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ। ਉਸ ਨੂੰ ਸਿਰਫ਼ ਇੱਕ ਫੋਟੋ ਖਿੱਚਣ ਦੀ ਇਜਾਜ਼ਤ ਸੀ, ਜੋ ਉਸ ਨੇ ਬਾਹਰ ਆ ਕੇ ਸਾਨੂੰ ਦਿਖਾਈ। ਉਸ ਦੇ ਸਰੀਰ ‘ਤੇ ਕੱਪੜੇ ਨਹੀਂ ਸਨ। ਉਸ ਦੀਆਂ ਲੱਤਾਂ 90 ਡਿਗਰੀ ਦੀ ਦੂਰੀ ‘ਤੇ ਸਨ। ਸ਼ੀਸ਼ੇ ਟੁੱਟੇ ਹੋਏ ਸਨ ਅਤੇ ਸ਼ੀਸ਼ੇ ਦੇ ਟੁਕੜੇ ਉਸ ਦੀਆਂ ਅੱਖਾਂ ਵਿਚ ਫਸ ਗਏ। ਗਲਾ ਘੁੱਟਣ ਨਾਲ ਲੜਕੀ ਦੀ ਮੌਤ ਹੋ ਗਈ।

ਹਸਪਤਾਲ ਪ੍ਰਸ਼ਾਸਨ ਦੀ ਕਾਰਵਾਈ ‘ਤੇ ਵੀ ਸਵਾਲ 
ਕਲਕੱਤਾ ਹਾਈ ਕੋਰਟ ਨੇ ਵੀ ਪੱਛਮੀ ਬੰਗਾਲ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਾਏ ਹਨ। 13 ਅਗਸਤ ਨੂੰ ਅਦਾਲਤ ਨੇ ਪੱਛਮੀ ਬੰਗਾਲ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਮਹਿਲਾ ਡਾਕਟਰ ਮਾਮਲੇ ‘ਚ ਸ਼ੁਰੂ ਤੋਂ ਹੀ ਕਤਲ ਦਾ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ। ਇਸ ਦੀ ਜਾਂਚ ਗੈਰ-ਕੁਦਰਤੀ ਮੌਤ ਦੇ ਕੋਣ ਤੋਂ ਕਿਉਂ ਸ਼ੁਰੂ ਕੀਤੀ ਗਈ? ਚੀਫ਼ ਜਸਟਿਸ ਟੀਐਸ ਸਿਵਗਨਮ ਨੇ ਇਹ ਸਵਾਲ ਮਮਤਾ ਬੈਨਰਜੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੂੰ ਉਦੋਂ ਪੁੱਛਿਆ ਜਦੋਂ ਉਨ੍ਹਾਂ ਦਾਅਵਾ ਕੀਤਾ ਕਿ ਕਤਲ ਦੀ ਕੋਈ ਤੁਰੰਤ ਸ਼ਿਕਾਇਤ ਨਾ ਮਿਲਣ ਕਾਰਨ ਗੈਰ-ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਆ ‘ਤੇ ਸਵਾਲ
ਘਟਨਾ ਤੋਂ ਬਾਅਦ 14-15 ਅਗਸਤ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਹਾਤੇ ਵਿਚ ਦਾਖਲ ਹੋ ਕੇ ਇਸ ਦੇ ਕੁਝ ਹਿੱਸਿਆਂ ਵਿਚ ਭੰਨਤੋੜ ਕੀਤੀ। ਪ੍ਰਦਰਸ਼ਨ ਦੌਰਾਨ ਡਾਕਟਰਾਂ ‘ਤੇ ਭੀੜ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ‘ਚ ਕਈ ਜੂਨੀਅਰ ਡਾਕਟਰ ਜ਼ਖਮੀ ਹੋ ਗਏ। ਕਲਕੱਤਾ ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੰਨਤੋੜ ਅਤੇ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਦਾ ਨੋਟਿਸ ਲਿਆ। ਅਦਾਲਤ ਨੇ ਇਸ ਮੁੱਦੇ ‘ਤੇ ਬੰਗਾਲ ਸਰਕਾਰ ਨੂੰ ਫਟਕਾਰ ਲਗਾਈ ਅਤੇ ਇਸ ਨੂੰ ਸਰਕਾਰੀ ਤੰਤਰ ਦੀ ਨਾਕਾਮੀ ਕਰਾਰ ਦਿੱਤਾ। ਹਾਈਕੋਰਟ ਨੇ ਕਿਹਾ, ‘ਤੁਸੀਂ ਕਿਸੇ ਵੀ ਸਮੇਂ ਸੀਆਰਪੀਸੀ ਦੀ ਧਾਰਾ 144 ਲਗਾ ਸਕਦੇ ਹੋ, ਪਰ ਜਦੋਂ ਹਸਪਤਾਲ ਦੇ ਨੇੜੇ ਐਨਾਂ ਕੁੱਝ ਵਾਪਰ ਰਿਹਾ ਸੀ ਤਾਂ ਘੱਟੋ-ਘੱਟ ਪੂਰੇ ਇਲਾਕੇ ਨੂੰ ਘੇਰ ਲਿਆ ਜਾਂਦਾ।’ ਚੀਫ਼ ਜਸਟਿਸ ਨੇ ਕਿਹਾ ਕਿ 7000 ਲੋਕ ਕਿਸੇ ਵੀ ਥਾਂ ‘ਤੇ ਇਸ ਤਰਾਂ ਨਹੀਂ ਆ ਸਕਦੇ। ਤੁਹਾਨੂੰ ਇਸ ਬਾਰੇ ਕਿਵੇਂ ਪਤਾ ਨਹੀਂ ਲੱਗਾ?’

ਭਾਜਪਾ ਨੇ ਦੋਸ਼ ਲਾਇਆ ਕਿ 14 ਅਗਸਤ ਨੂੰ ਹੋਏ ਹਮਲੇ ਦੌਰਾਨ ਜਿਸ ਥਾਂ ‘ਤੇ ਡਾਕਟਰ ਦਾ ਬਲਾਤਕਾਰ ਅਤੇ ਕਤਲ ਕੀਤਾ ਗਿਆ ਸੀ, ਉਸ ਨਾਲ ਛੇੜਛਾੜ ਕੀਤੀ ਗਈ ਸੀ।

Leave a Reply

Your email address will not be published. Required fields are marked *