ਲੁਧਿਆਣਾ, 15 ਅਗਸਤ (ਖ਼ਬਰ ਖਾਸ ਬਿਊਰੋ )
ਦੇਸ਼ ਦੇ 78 ਵੇਂ ਅਜਾਦੀ ਦਿਵਸ ਮੌਕੇ ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫ਼ਸਰ ਨੇ ਪਿੰਡ ਸਲੇਮਪੁਰ ਨੇੜੇ ਹੰਬੜਾਂ ਲੁਧਿਆਣਾ ਵਿਖੇ ਕੌਮੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਨੂੰ ਅਜ਼ਾਦੀ ਸੁਖਾਲੀ ਨਹੀਂ ਮਿਲੀ, ਕਿਉਂਕਿ ਇਸ ਅਜਾਦੀ ਨੂੰ ਪਾਉਣ ਲਈ ਦੇਸ਼ ਭਗਤਾਂ ਵਲੋਂ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਜਾਦੀ ਦੀ ਪੌਣੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਭਗਤਾਂ ਵਲੋਂ ਜੋ ਸੁਫਨੇ ਸੰਜੋਏ ਗਏ ਸਨ, ਨੂੰ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਦੇਸ਼ ਦੇ ਹਰੇਕ ਨਾਗਰਿਕ ਕੋਲ ਕੁੱਲੀ, ਗੁੱਲੀ ਅਤੇ ਜੁੱਲੀ ਦੀ ਸਹੂਲਤ ਹੋਵੇਗੀ, ਉਸ ਦਿਨ ਸਮਝ ਲਿਆ ਜਾਵੇਗਾ ਕਿ ਦੇਸ਼ ਭਗਤਾਂ ਦੇ ਸੁਫਨੇ ਸਾਕਾਰ ਹੋ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਹਰਜੀਤ ਕੌਰ ਸਲੇਮਪੁਰੀ ਨੇ ਵੀ ਸੰਬੋਧਨ ਕੀਤਾ। ਪੈਨਸ਼ਨਰਜ ਜਥੇਬੰਦੀ ਦੇ ਆਗੂ ਸੋਮਾ ਸਿੰਘ ਅਤੇ ਮੁਲਾਜਮ ਆਗੂ ਸੁਮੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।ਇਸ ਮੌਕੇ ਪਰਮਜੀਤ ਕੌਰ ਸਲੇਮਪੁਰੀ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਅੰਬ ਦਾ ਇਕ ਪੌਦਾ ਵੀ ਲਗਾਇਆ ਗਿਆ।