ਚੰਡੀਗੜ੍ਹ, 16 ਅਗਸਤ (ਖ਼ਬਰ ਖਾਸ ਬਿਊਰੋ )
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਆਜ਼ਾਦੀ ਦਿਵਸ ਮੌਕੇ ਸਹੀ ਰਾਸ਼ਟਰੀ ਗੀਤ ਨਾ ਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਸ਼ਮਸ਼ੇਰ ਸਿੰਘ ਨੇ ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਤਿਰੰਗਾ ਲਹਿਰਾਇਆ ਤਾਂ ਉਥੇ ਮੌਜੂਦ ਦਰਜਨਾਂ ਲੋਕਾਂ ਦੀ ਹਾਜ਼ਰੀ ਵਿੱਚ ‘ਆਪ’ ਦੇ ਇੱਕ ਹੋਰ ਆਗੂ ਪਰਮਿੰਦਰ ਸਿੰਘ ਨੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਪਰ ਉਹ ਇਸ ਨੂੰ ਸਹੀ ਢੰਗ ਨਾਲ ਗਾ ਨਹੀਂ ਸਕੇ।
ਬਾਜਵਾ ਨੇ ਦੋਸ਼ ਲਾਇਆ ਕਿ ਹਲਕਾ ਇੰਚਾਰਜ ਦੀ ਹਾਜ਼ਰੀ ਵਿੱਚ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਗਿਆ। ਅਜਿਹਾ ਕਰਕੇ ਆਮ ਆਦਮੀ ਪਾਰਟੀ ਨੇ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ ਹੈ, ਜੋ ਕਿ ਦੇਸ਼ ਦੇ ਰਾਸ਼ਟਰੀ ਝੰਡੇ ਦਾ ਵੀ ਅਪਮਾਨ ਹੈ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਟਰੀ ਗੀਤ ਨਹੀਂ ਪਤਾ ਤਾਂ ਉਸ ਨੂੰ ਇਹ ਨਹੀਂ ਗਾਉਣਾ ਚਾਹੀਦਾ ਪਰ ਉਲਟਾ ਗਾ ਕੇ ਜਨਤਕ ਤੌਰ ‘ਤੇ ਰਾਸ਼ਟਰੀ ਗੀਤ ਦਾ ਅਪਮਾਨ ਨਹੀਂ ਕਰਨਾ ਚਾਹੀਦਾ।
ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਈ ਵਾਰ ਅਪਮਾਨ ਕਰਾ ਚੁੱਕੀ ਹੈ ਅਤੇ ਹੁਣ ਸੂਬੇ ਦੇ ਲੋਕ ਵੀ ਸਮਝ ਚੁੱਕੇ ਹਨ ਕਿ ਇਹ ਲੋਕ ਪ੍ਰਸ਼ਾਸਨ ਚਲਾਉਣ ਦੇ ਕਾਬਲ ਨਹੀਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਵਿਰੁੱਧ ਰਾਸ਼ਟਰੀ ਗੀਤ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਜਾਣਬੁੱਝ ਕੇ ਕੀਤੇ ਗਏ ਇਸ ਅਪਰਾਧ ਲਈ ਸਜ਼ਾ ਮਿਲਣੀ ਚਾਹੀਦੀ ਹੈ।