ਲੁਧਿਆਣਾ, 15 ਅਗਸਤ (ਖ਼ਬਰ ਖਾਸ ਬਿਊਰੋ )
ਅੰਗਰੇਜ਼ਾਂ ਨੇ ਭਾਰਤ ਨੂੰ ਅਜ਼ਾਦੀ ਥਾਲੀ ਵਿਚ ਪਰੋਸ ਕੇ ਨਹੀਂ ਦਿੱਤੀ, ਬਲਕਿ ਇਸ ਨੂੰ ਪਾਉਣ ਲਈ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੇ ਬਹੁਤ ਤਸੀਹੇ ਝੱਲੇ ਹਨ ਅਤੇ ਕੁਰਬਾਨੀਆਂ ਦਿੱਤੀਆਂ ਹਨ। ਇਹ ਵਿਚਾਰ ਆਸ-ਅਹਿਸਾਸ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀਮਤੀ ਰੁਚੀ ਬਾਵਾ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੇ ਆਰੀਆ ਕਾਲਜ ਗਰਲਜ਼ ਲੁਧਿਆਣਾ ਵਿਚ ‘ਅਜ਼ਾਦੀ ਦਿਵਸ ਅਤੇ ਸਫ਼ਾਈ ਦੀ ਮਹੱਤਤਾ’ ਵਿਸ਼ੇ ਉਪਰ ਕਰਵਾਏ ਗਏ ਲੇਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦਿਆਂ ਸੰਬੋਧਨ ਕੀਤੇ।
ਇਸ ਮੌਕੇ ਸ੍ਰੀਮਤੀ ਰੁਚੀ ਬਾਵਾ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਤੋਂ ਭਾਵ ਇਹ ਨਹੀਂ ਕਿ ਅਸੀਂ ਜੋ ਮਰਜ਼ੀ ਕਰੀ ਜਾਈਏ ਬਲਕਿ ਅਜ਼ਾਦੀ ਦਾ ਉਦੇਸ਼ ਇੱਕ ਨੇਕ ਨਾਗਰਿਕ ਬਣ ਕੇ ਆਪਣੇ ਅਤੇ ਦੂਜਿਆਂ ਦੇ ਹਿਤਾਂ ਦਾ ਵੀ ਧਿਆਨ ਰੱਖੀਏ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਜੋ ਸੁਧਾਰ ਅਤੇ ਵਿਕਾਸ ਦੀ ਉਮੀਦ ਜਤਾਈ ਗਈ ਸੀ, ਨਹੀਂ ਹੋਇਆ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੇ ਆਪ , ਆਪਣੇ ਮਨ ਅਤੇ ਆਪਣੇ ਆਲੇ-ਦੁਆਲੇ ਨੂੰ ਸਿਹਤਮੰਦ ਰੱਖਣ ਲਈ ਸਫਾਈ ਦਾ ਧਿਆਨ ਰੱਖਣ, ਕਿਉਂਕਿ ਸਫ਼ਾਈ ਵਿਚ ਖੁਦਾਈ ਦਾ ਵਾਸਾ ਹੈ। ਇਸ ਮੌਕੇ ਉਨ੍ਹਾਂ ਅਖੀਰ ਵਿਚ ਕਿਹਾ ਕਿ ਵਿਦਿਆਰਥੀ ਵਰਗ ਨੂੰ ਅਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ ਤਾਂ ਜੋ ਅਜਾਦੀ ਨੂੰ ਹਮੇਸ਼ਾ ਲਈ ਜੀਵਤ ਰੱਖਿਆ ਜਾ ਸਕੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਟੇਟ ਅਵਾਰਡੀ ਸੁਖਦੇਵ ਸਲੇਮਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਤਾਂ ਖੁਸ਼ੀ ਖੁਸ਼ੀ ਕਰਨੀ ਚਾਹੀਦੀ ਹੈ ਪਰ ਦੁਰਵਰਤੋਂ ਕਰਨ ਨਾਲ ਇਹ ਕਿਸੇ ਵੀ ਯੂਜ਼ਰ ਦੀ ਜ਼ਿੰਦਗੀ ਤਬਾਹ ਵੀ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਉੱਜਲ ਬਣਾਉਣ ਲਈ ਆਪਣੇ ਪਾਠ-ਕ੍ਰਮ ਦੇ ਨਾਲ ਨਾਲ ਉਸਾਰੂ ਸੋਚ ਦੀਆਂ ਧਾਰਨੀ ਕਿਤਾਬਾਂ ਨੂੰ ਇੱਕ ਚਾਨਣ ਮੁਨਾਰਾ ਸਮਝਕੇ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਮਨਸੂਈ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸੀ ) ਦੀ ਸੁਵਰਤੋਂ ਨੂੰ ਅਪਣਾਉਂਦਿਆਂ ਦੁਰਵਰਤੋਂ ਤੋਂ ਦੂਰ ਰਹਿਣ ਲਈ ਕਿਹਾ। ਇਸ ਮੌਕੇ ਇੰਚਾਰਜ ਪ੍ਰਿੰਸੀਪਲ ਮਮਤਾ ਕੋਹਲੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਾਲਜ ਵਲੋਂ ਭਵਿੱਖ ਵਿਚ ਵੀ ਅਜਿਹੇ ਸਾਰਥਿਕ ਪ੍ਰੋਗਰਾਮਾਂ ਦੀ ਲੜੀ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸਮਾਗਮ ਦੀ ਸੰਚਾਲਿਕਾ ਡਾ: ਅਨਾਮਿਕਾ ਨੇ ਦੱਸਿਆ ਕਿ ਲੇਖ ਮੁਕਾਬਲੇ ਵਿਚ ਵੱਖ ਵੱਖ ਜਮਾਤਾਂ ਦੀਆਂ 30 ਵਿਦਿਆਰਥਣਾਂ ਨੇ ਆਪਣੇ ਬੌਧਿਕਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਬੰਧ ਅਫ਼ਸਰ ਪਰਮਜੀਤ ਕੌਰ ਸਲੇਮਪੁਰੀ, ਪ੍ਰੋਫੈਸਰ ਦਿਨੇਸ਼ ਮਲਿਕ ਅਤੇ ਆਸ-ਅਹਿਸਾਸ ਸੰਸਥਾ ਦੇ ਕੋਆਰਡੀਨੇਟਰ ਪਰਵਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਵੀ ਅਜਾਦੀ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵਿਦਿਆਰਥਣ ਵਾਨੀ ਨਾਰੰਗ ਨੇ ਪਹਿਲਾ ਸਥਾਨ, ਰੀਆ ਵਰਮਾ ਨੇ ਦੂਜਾ ਅਤੇ ਭੂਮਿਕਾ ਕਾਰਾਕੋਟੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਅਰਾਧਨਾ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੋ ਵਿਦਿਆਰਥਣਾਂ ਨੂੰ ਜਿਨ੍ਹਾਂ ਨੇ ਆਪਣਾ ਲੇਖ ਪੰਜਾਬੀ ਭਾਸ਼ਾ ਵਿੱਚ ਲਿਖਿਆ, ਨੂੰ ਉਚੇਚੇ ਤੌਰ ‘ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸਫਲ ਬਣਾਉਣ ਲਈ ਡਾ: ਅਨਾਮਿਕਾ ਤੋਂ ਇਲਾਵਾ ਪ੍ਰੋ: ਪ੍ਰੀਤੀ ਥਾਪਰ ਅਤੇ ਪ੍ਰੋ: ਰਾਜਬੀਰ ਕੌਰ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।