ਖੰਨਾ 15 ਅਗਸਤ (ਖ਼ਬਰ ਖਾਸ ਬਿਊਰੋ)
ਚੋਰਾਂ ਨੇ ਹੁਣ ਧਾਰਮਿਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਸ਼ਿਵਪੁਰੀ ਮੰਦਿਰ ਵਿਖੇ ਚੋਰਾਂ ਨੇ ਸ਼ਿਵਲਿੰਗ ਤੋੜ੍ਹ ਕੇ ਚਾਂਦੀ, ਲੱਖਾਂ ਰੁਪਏ ਦੀ ਨਗਦੀ ਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਮੰਦਿਰ ਵਿਚ ਚੋਰੀ ਦੀ ਘਟਨਾ ਹੋਣ ਅਤੇ ਸ਼ਿਵਲਿੰਗ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਹਿੰਦੂ ਸੰਗਠਨਾਂ ਵਿਚ ਗੁੱਸੇ ਦੀ ਲਹਿਰ ਹੈ।
ਹੈਰਾਨੀ ਦੀ ਗੱਲ ਹੈ ਕਿ 15 ਅਗਸਤ ਆਜ਼ਾਦੀ ਦਿਵਸ ਹੋਣ ਕਰਕੇ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਥੋਂ ਥੋੜੀ ਦੂਰ ਇਸੜੂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਆ ਦੇ ਸ਼ਹੀਦ ਕਰਨੈਲ ਸਿੰਘ ਇਸੜੂ ਦੀ ਯਾਦ ਵਿਚ ਆਯੋਜਿਤ ਸਮਾਰੋਹ ਵਿਚ ਸ਼ਾਮਲ ਹੋਣ ਆਉਣਾ ਸੀ, ਪੁਲਿਸ ਪ੍ਰਬੰਧ ਸਖ਼ਤ ਹੋਣ ਦੇ ਬਾਵਜੂਦ ਚੋਰਾਂ ਨੇ 15 ਅਗਸਤ ਨੂੰ ਤੜਕਸਾਰ ਮੰਦਰ ਨੂੰ ਨਿਸ਼ਾਨਾ ਬਣਾ ਲਿਆ ਹੈ। ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਵਿਅਕਤੀ ਤੜਕਸਾਰ ਮੰਦਰ ਵਿੱਚ ਦਾਖਲ ਹੋਏ। ਉਨਾਂ ਨੇ ਹਥੌੜੇ ਅਤੇ ਲੋਹੇ ਦੀ ਰਾਡ ਦੀ ਮਦਦ ਨਾਲ ਸ਼ਿਵਲਿੰਗ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਚਾਂਦੀ ਚੁਰਾ ਲਈ। ਪੁਲਿਸ ਅਨੁਸਾਰ ਚੋਰਾਂ ਨੇ ਮੰਦਰ ਵਿਚ ਪਈਆਂ ਮੂਰਤੀਆਂ ਦੇ ਤਾਜ ਅਤੇ ਗਹਿਣੇ ਚੋਰੀ ਕਰ ਲਏ ਹਨ।
ਪੁਲਿਸ ਨੇ ਦੱਸਿਆ ਕਿ ਚੋਰੀ ਦਾ ਜ਼ਲਦ ਸੁਰਾਗ ਲਗਾ ਲਿਆ ਜਾਵੇਗਾ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿਚ ਦਿਖ ਰਿਹਾ ਹੈ ਕਿ ਦੋ ਚੋਰ ਮੰਦਿਰ ਵਿੱਚ ਦਾਖਲ ਹੋਏ ਤੇ ਸਿੱਧੇ ਸ਼ਿਵਲਿੰਗ ਵੱਲ ਚਲੇ ਗਏ। ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਭੰਨਤੋੜ ਕੀਤੀ । ਚੋਰ ਸ਼ਿਵਲਿੰਗ ‘ਤੇ ਰੱਖੇ ਚਾਂਦੀ ਦਾ ਘੜਾ ਵੀ ਚੁੱਕਕੇ ਲੈ ਗਏ। ਕੈਮਰੇ ਵਿਚ ਦਿਖਾਈ ਦੇ ਰਿਹਾ ਹੈ ਕਿ ਚੋਰਾਂ ਨੇ ਚਾਬੀ ਨਾਲ ਸ਼ੀਸ਼ੇ ਦੀਆਂ ਅਲਮਾਰੀਆਂ ਖੋਲੀਆ ਅਤੇ ਅਲਮਾਰੀ ਵਿਚ ਪਿਆ ਸਾਮਾਨ ਚੋਰੀ ਕਰ ਲਿਆ। ਹਾਲਾਂਕਿ ਚੋਰੀ ਹੋਏ ਸਮਾਨ ਦੀ ਅਜੇ ਪੂਰੀ ਲਿਸਟ ਬਣਾਈ ਜਾ ਰਹੀ ਹੈ, ਪਰ ਮੰਦਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਸਾਵਣ ਮਹੀਨੇ ਵਿੱਚ ਸ਼ਿਵਲਿੰਗ ਦੀ ਬੇਅਦਬੀ ਕੀਤੇ ਜਾਣ ਕਾਰਨ ਸ਼ਿਵ ਭਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਹਿੰਦੂ ਤੇ ਧਾਰਮਿਕ ਸੰਗਠਨਾਂ ਨੇ ਘਟਨਾਂ ਦੇ ਰੋਸ ਵਜੋਂ ਸਾਢੇ ਤਿੰਨ ਵਜੇ ਇਕ ਮੀਟਿੰਗ ਬੁਲਾਈ ਹੈ, ਜਿਸ ਵਿਚ ਉਹ ਅਗਲੀ ਰਣਨੀਤੀ ਬਣਾਉਣਗੇ।