ਅੰਮ੍ਰਿਤਸਰ ਸਾਹਿਬ, 15 ਅਗਸਤ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਥਕ ਆਗੂਆਂ ਦੇ ਇਕ ਵਫ਼ਦ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇਕ ਮੰਗ ਪੱਤਰ ਦਿੰਦੇ ਦੱਸਿਆ ਕਿ ਸੁਖਬੀਰ ਬਾਦਲ, ਆਪਣੇ ਗੁਨਾਹ ਕਬੂਲ ਚੁੱਕਿਆ ਹੈ, ਹੁਣ ਉਹ (ਸੁਖਬੀਰ) ਇਕ ਮਿੰਟ ਵੀ ਪੰਥਕ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ। ਵਫ਼ਦ ਨੇ ਜਥੇਦਾਰ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਤਾਂ ਤੋ ਭਵਿੱਖ ਵਿਚ ਕੋਈ ਗੁਨਾਹ ਨਾ ਕਰ ਸਕੇ। ਉਹਨਾਂ ਨੋੇ ਸੁਖਬੀਰ ਬਾਦਲ ਨੂੰ ਤੁਰੰਤ ਜ਼ਿੰਮੇਵਾਰੀਆਂ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਹੇਠ ਅਕਾਲੀ ਦਲ ਤੋ ਬਾਗੀ ਹੋਏ ਮੈਂਬਰ ਭਾਈ ਮਨਜੀਤ ਸਿੰਘ, ਪਰਮਜੀਤ ਕੌਰ ਲਾਂਡਰਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ,ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਮਲਕੀਤ ਸਿੰਘ, ਹਰਦੇਵ ਸਿੰਘ ਤੇ ਹੋਰਾਂ ਨੇ ਬੁੱਧਵਾਰ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕਿਹਾ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਹਰਸ਼ ਧੂਰੀ ਵਰਗੇ ਜੋ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਨ, ਬਾਰੇ ਜਾਣਦੇ ਹੋਏ ਵੀ ਸੁਖਬੀਰ ਬਾਦਲ ਮੀਟਿੰਗਾਂ ਕਰਦੇ ਰਹੇ ਹਨ, ਜੋ ਕਿ ਸਿੱਖ ਕੌਮ ਲਈ ਨਾ ਕਾਬਿਲੇ ਬਰਦਾਸ਼ਤ ਹੈ।
ਵਫ਼ਦ ਨੇ ਪੱਤਰ ਸੌਂਪਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਅਤੇ ਵਕਾਰ ਵੀ ਇਸ ਗੱਲ ਨਾਲ ਜੁੜਿਆ ਹੋਇਆ ਹੈ। ਇਸ ਲਈ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕੀਤਾ ਜਾਵੇ। ਉਹ (ਸੁਖਬੀਰ ਬਾਦਲ) ਸਾਰੀਆਂ ਗਲਤੀਆਂ ਸਵੀਕਾਰ ਕਰ ਚੁੱਕੇ ਹਨ ਤਾਂ ਪੰਥਕ ਪਰੰਪਰਾਵਾਂ ਅਨੁਸਾਰ ਗੁਣਾਹਗਾਰ ਨੂੰ ਜਿੰਮੇਵਾਰੀਆਂ ਤੋਂ ਫਾਰਗ ਕੀਤਾ ਜਾਂਦਾ ਹੈ। ਸੋ ਹੁਣ ਉਹ ਇੱਕ ਮਿੰਟ ਪੰਥਕ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ। ਅਜਿਹਾ ਮਸਾਲੀ ਫੈਸਲਾ ਦੇਵੋ ਤਾਂ ਜੋ ਸਿੱਖਾਂ ਵਿੱਚ ਅੱਗੇ ਤੋਂ ਮਿਸਾਲ ਪੈਦਾ ਹੋ ਸਕੇ ਅਤੇ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਸਿੱਖ ਪੰਥਕ ਪਾਰਟੀਆਂ ਦਾ ਨੁਮਾਇੰਦਾ ਅਜਿਹਾ ਵਰਤਾਰਾ ਨਾ ਕਰ ਸਕੇ।
-ਵਫਦ ਨੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਵੋਟਾਂ ਖਾਤਰ ਡੇਰਾ ਮੁਖੀ ਦੇ ਪੋਸ਼ਾਕ ਵਾਲੇ ਕੇਸ ਨੂੰ ਵਾਪਸ ਕਰਵਾਉਣ ਵੋਟਾਂ ਦੀ ਸੌਦੇਬਾਜੀ ਕਰਨੀ ਬੇਅਦਬੀ ਦੇ ਦੋਸ਼ੀਆਂ ਨਾਲ ਮੁਲਾਕਾਤ ਕਰਨੀਆਂ, ਧੱਕੇ ਨਾਲ ਡੇਰੇ ਨੂੰ ਮਾਫੀ ਦਵਾਉਣੀ , 92 ਲੱਖ ਦੇ ਇਸ਼ਤਿਹਾਰ ਦਿਵਾਉਣੇ ਵਰਗੇ ਬੱਜਰ ਗੁਨਾਹ ਕਰਕੇ ,ਸਾਰੇ ਗੁਨਾਹ ਕਬੂਲ ਕਰ ਲਏ ਹਨ ਤੇ ਉਹ ਪੰਥਕ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ। ਜਿਸ ਕਰਕੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ।
ਵਫਦ ਨੇ ਕਿਹਾ ਕਿ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਆਪਣੀ ਇੰਟਰਵਿਊ ਵਿੱਚ ਕਹਿ ਚੁੱਕੇ ਹਨ ਕਿ ਹਰਸ਼ ਅਤੇ ਰਾਮ ਸਿੰਘ ਰੋਜਾਨਾ ਸੁਖਬੀਰ ਬਾਦਲ ਨੂੰ ਮਿਲਦੇ ਰਹਿੰਦੇ ਸਨ। ਮੁੱਖ ਮੰਤਰੀ ਦੀ ਕੋਠੀ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਜਥੇਦਾਰ ਸਾਹਿਬਾਨਾਂ ਨੂੰ ਬੁਲਾਕੇ ਮਾਫੀ ਲਈ ਫੈਸਲਾ ਕਰਵਾਇਆ ਗਿਆ ਇਸ ਦਾ ਜ਼ਿਕਰ ਗਿਆਨੀ ਗੁਰਮੁਖ ਸਿੰਘ ਵੀ ਕਰ ਚੁੱਕੇ ਹਨ। ਜਿਸ ਦਾ ਅਜੇ ਤੱਕ ਕਿਸੇ ਵੱਲੋਂ ਵੀ ਖੰਡਨ ਨਹੀਂ ਕੀਤਾ ਗਿਆ।