ਅੰਮ੍ਰਿਤਸਰ 19 ਅਪ੍ਰੈਲ (ਖ਼ਬਰ ਖਾਸ ਬਿਊਰੋ) :
ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਬਾਦਲ ਪਰਿਵਾਰ ਵਲੋਂ ਕਾਫ਼ੀ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਚੱਲ ਰਹੀ ਹੈ। ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਮੌਕੇ ਬੀਬੀ ਹਰਸਿਮਰਤ ਕੌਰ ਨੇ ਅੱਜ ਹਾਜ਼ਰੀ ਭਰੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹੁਣ ਸਾਰੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇਖ ਲਈ ਹੈ। ਕਈ ਪਾਰਟੀਆਂ ਨੇ ਵੱਡੇ ਵੱਡੇ ਵਾਅਦੇ ਕੀਤੇ ਪਰ ਸੀਟਾਂ ਲੈੇਣ ਉਪਰੰਤ ਭੁੱਲ ਗਈਆਂ ਪਰ ਦੂਜੇ ਪਾਸੇ ਉਹ ਪਾਰਟੀ ਜਿਹੜੀ ਕਹਿਣੀ ਤੇ ਕਰਨੀ ਤੇ ਖਰਾ ਉਤਰੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ।ਅਕਾਲੀ ਆਗੂਆਂ ਨੂੰ ਪੰਜਾਬੀਆਂ ਦਾ ਦਰਦ ਹੈ। ਅਕਾਲੀ ਦਲ ਸਿਧਾਂਤਾਂ ‘ਤੇ ਪਹਿਰਾ ਦੇ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਲੋਕ ਚੋਣਾਂ ‘ਚ ਦਿੱਲੀ ਤੋਂ ਰੀਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਦੀ ਬਜਾਏ ਖ਼ੇਤਰੀ ਪਾਰਟੀ ਦੇ ਉਮੀਦਵਾਰਾਂ ਨੂੰ ਪਸੰਦ ਕਰਨਗੇ। ਉਨਾਂ ਕਿਹਾ ਕਿ ਅਕਾਲੀ ਦਲ ਦੀ ਜਿੱਤੇ ਪੰਜਾਬੀਆਂ ਦੀ ਆਪਣੀ ਜਿੱਤ ਹੋਵੇਗੀ।