ਚੰਡੀਗੜ੍ਹ, 12 ਅਗਸਤ (ਖ਼ਬਰ ਖਾਸ ਬਿਊਰੋ)
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਖਿਲਾਫ਼ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਹੁਣ ਚੰਡੀਗੜ੍ਹ ਅਦਾਲਤ ਵਿਚ ਹੋਵੇਗੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਮਾਮਲੇ ਦੀ ਸੁਣਵਾਈ ਚੰਡੀਗੜ ਅਦਾਲਤ ਵਿਚ ਸ਼ਿਫ ਕਰ ਦਿੱਤੀ ਗਈ ਹੈ, ਹੁਣ ਵਧੀਕ ਤੇ ਜਿਲ੍ਹਾ ਸੈਸ਼ਨ ਜਜ ਸੰਜੇ ਸੰਧੀਰ ਦੀ ਅਦਾਲਤ ਇਸ ਮਮਲੇ ਦੀ ਸੁਣਵਾਈ 30 ਅਗਸਤ ਨੂੰ ਕਰੇਗੀ। ਹੁਣ ਤੱਕ ਇਸ ਕੇਸ ਦੀ ਸੁਣਵਾਈ ਜਿਲਾ ਅਦਾਲਤ ਫਰੀਦਕੋਟ ਵਿਖੇ ਹੋ ਰਹੀ ਸੀ।
ਇੱਥੇ ਦੱਸਿਆ ਜਾਂਦਾ ਹੈ ਕਿ ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਦੇ ਹੋਏ ਮਾਮਲੇ ਦੀ ਸੁਣਵਾਈ ਫਰੀਦਕੋਟ ਤੋ ਬਾਹਰ ਕਰਨ ਦੀ ਮੰਗ ਕੀਤੀ ਸੀ। ਸ਼ਰਮਾ ਨੇ ਪਟੀਸ਼ਨ ਦਾਇਰ ਕਰਕੇ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਫਰੀਦਕੋਟ ਵਿਖੇ ਉਨਾਂ ਦੀ ਜਾਨ ਨੂੰ ਖ਼ਤਰਾ ਹੈ। ਹਾਈਕੋਰਟ ਨੇ ਚਰਨਜੀਤ ਸ਼ਰਮਾ ਦੀ ਪਟੀਸ਼ਨ ਉਤੇ ਪਿਛਲੇ ਮਹੀਨੇ ਆਪਣਾ ਫੈਸਲਾ ਦਿੱਤਾ ਸੀ।
ਇਥੇ ਦੱਸਿਆ ਜਾਂਦਾ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਅਤੇ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਘਟਨਾਂ ਤੋ ਬਾਅਦ ਸੂਬੇ ਵਿਚ ਸਿੱਖ ਸੰਗਤ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਸੀ। ਸਿੱਖ ਸੰਗਤ ਨੇ ਰੋਸ ਵਜੋਂ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੁਰਾ ਵਿਖੇ ਰੋਸ ਧਰਨੇ ਦਿੱਤੇ ਸਨ। ਇਸੀ ਦੌਰਾਨ ਬਹਿਬਲਕਲਾਂ ਵਿਖੇ ਭਾਰੀ ਗਿਣਤੀ ਵਿਚ ਪੁਲਿਸ ਬਲ ਨੇ ਜਾਪ ਕਰਦੀ ਸਿੱਖ ਸੰਗਤ ਤੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਗਈ ਸੀ ਤੇ ਕਈ ਲੋਕ ਜਖ਼ਮੀ ਹੋ ਗਏ ਸਨ।
14 ਅਕਤੂਬਰ 2015 ਨੂੰ ਪੁਲਿਸ ਗੋਲੀ ਨਾਲ ਕਈ ਲੋਕ ਜਖ਼ਮੀ ਹੋਏ ਸਨ ਤਾਂ ਇਸ ਘਟਨਾਂ ਬਾਅਦ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਹੋਰ ਵੀ ਚਿੰਤਾਜਨਕ ਹੋ ਗਈ ਸੀ। ਪਹਿਲਾਂ ਇਸ ਮਾਮਲੇ ਵਿਚ ਸਰਕਾਰ ਨੇ ਅਣਪਛਾਤੀ ਪੁਲਿਸ ਖਿਲਾਫ਼ ਕੇਸ ਦਰਜ਼ ਕੀਤਾ ਸੀ, ਪਰ ਬਾਅਦ ਵਿਚ ਸੰਗਤ ਦੇ ਦਾਬਾਅ ਹੇਠ ਝੁਕਦੇ ਹੋਏ ਪੁਲਿਸ ਨੇ 7 ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਹੱਤਿਆ ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਅਦ ਸਰਕਾਰ ਤੇ ਪੁਲਿਸ ਨੇ ਸਾਬਕਾ DGP ਸੁਮੇਧ ਸਿੰਘ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਮੋਗਾ ਦੇ ਤਤਕਾਲੀ SSP ਚਰਨਜੀਤ ਸਿੰਘ ਸ਼ਰਮਾ ਨੂੰ ਵੀ ਮਾਮਲੇ ਵਿਚ ਸ਼ਾਮਲ ਕੀਤਾ ਸੀ। ਇਸੀ ਤਰਾਂ ਮਾਮਲੇ ਵਿਚ ਸਬ ਇੰਸਪੈਕਟਰ ਅਮਰਜੀਤ ਸਿੰਘ ਕੁਲਾਰ, ਬਿਕਰਮਜੀਤ ਸਿੰਘ, ਸੋਹਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵੀ ਸ਼ਾਮਲ ਹਨ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਥਾਣਾ ਬਾਜਾਖਾਨਾ ਵਿੱਚ ਕੇਸ ਦਰਜ ਕੀਤਾ ਹੋਇਆ ਹੈ।