ਜਹਾਨਬਾਦ 12 ਅਗਸਤ, (ਖ਼ਬਰ ਖਾਸ ਬਿਊਰੋ)
ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਤੋਂ ਸਾਵਣ ਦੇ ਚੌਥੇ ਸੋਮਵਾਰ ਨੂੰ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸ਼ਰਧਾਲੂਆਂ ਵਿਚ ਮਚੀ ਭਗਦੜ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵਾਨਾਵਰ ਸਿੱਧੇਸ਼ਵਰ ਧਾਮ ਦੇ ਸ਼ਰਧਾਲੂਆਂ ਦੀ ਭੀੜ ਵਿਚਕਾਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਚੌਥੇ ਸੋਮਵਾਰ ਨੂੰ ਜਲਾਭਿਸ਼ੇਕ (ਜ਼ਲ ਚੜਾਉਣ) ਕਰਨ ਲਈ ਭਾਰੀ ਭੀੜ ਇਕੱਠੀ ਹੋਈ ਸੀ। ਦਰਜਨਾਂ ਸ਼ਰਧਾਲੂ ਪਾਤਾਲਗੰਗਾ ਤੋਂ ਵਨਵਰ ਪਰਬਤ ‘ਤੇ ਜਾਣ ਵਾਲੀਆਂ ਪੌੜੀਆਂ ‘ਤੇ ਚੜ੍ਹ ਕੇ ਹੇਠਾਂ ਆ ਰਹੇ ਸਨ। ਮੰਦਿਰ ਨੇੜੇ ਪੌੜੀਆਂ ਨੂੰ ਲੈ ਕੇ ਕੰਵਰੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ। ਮੰਦਰ ਨੇੜੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਭਾਜੜ ਮਚ ਗਈ। ਭਗਦੜ ਮੱਚਦੇ ਹੀ ਲੋਕ ਇਧਰ-ਉਧਰ ਭੱਜਣ ਲੱਗੇ। ਹਨੇਰੇ ਵਿੱਚ ਲੋਕ ਇੱਕ ਦੂਜੇ ਨੂੰ ਕੁਚਲਦੇ ਹੋਏ ਇਧਰ-ਉਧਰ ਭੱਜਣ ਲੱਗੇ। ਇੱਥੇ ਜਦੋਂ ਤੱਕ ਪੁਲਿਸ ਸਥਿਤੀ ‘ਤੇ ਕਾਬੂ ਪਾ ਸਕੀ, ਉਦੋਂ ਤੱਕ ਛੇ ਔਰਤਾਂ ਸਮੇਤ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਸੋਮਵਾਰ ਨੂੰ ਸੂਰਜ ਚੜ੍ਹਨ ਤੋਂ ਠੀਕ ਪਹਿਲਾਂ ਵਾਪਰਿਆ। ਇਸ ਹਾਦਸੇ ‘ਚ 10 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੰਦਰ ਖੇਤਰ ‘ਚ ਤਾਇਨਾਤ ਪੁਲਸ ਕਰਮਚਾਰੀਆਂ ਅਤੇ ਵਲੰਟੀਅਰਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਜਹਾਨਾਬਾਦ ਦੇ ਐਸਐਚਓ ਦਿਵਾਕਰ ਕੁਮਾਰ ਵਿਸ਼ਵਕਰਮਾ ਅਨੁਸਾਰ ਹਾਦਸੇ ਤੋਂ ਬਾਅਦ ਡੀਐਮ ਅਤੇ ਐਸਪੀ ਮੌਕੇ ‘ਤੇ ਪਹੁੰਚ ਗਏ ਹਨ। ਹੁਣ ਤੱਕ ਸੱਤ ਮੌਤਾਂ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਇਲਾਜ ਸਦਰ ਹਸਪਤਾਲ ‘ਚ ਚੱਲ ਰਿਹਾ ਹੈ। ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਉਣ ਬਾਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਇਸ ਦੌਰਾਨ ਮਖਦੂਮਪੁਰ ਵਾਸੀ ਕ੍ਰਿਸ਼ਨ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਸੱਤ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਹਾਨਾਬਾਦ ਸਦਰ ਹਸਪਤਾਲ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ। ਇੰਨਾ ਹੀ ਨਹੀਂ ਜਹਾਨਾਬਾਦ ਪਹਾੜੀ ‘ਤੇ ਵੀ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ। ਸਿਰਫ਼ ਚਾਰ-ਪੰਜ ਪੁਲਿਸ ਵਾਲੇ ਇਕ ਪਾਸੇ ਖੜ੍ਹੇ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਾ ਹੋਣ ਕਾਰਨ ਦਰਸ਼ਨਾਂ ਲਈ ਆਏ ਸ਼ਰਧਾਲੂ ਜੋ ਮਰਜ਼ੀ ਕਰ ਰਹੇ ਸਨ। ਉਹ ਧੱਕੇ ਮਾਰਦੇ ਅੱਗੇ ਵਧ ਰਹੇ ਸਨ। ਸੜਕ ਦੋ ਪਾਸਿਓਂ ਖੁੱਲ੍ਹੀ ਹੋਣ ਕਾਰਨ ਉਪਰੋਂ ਕਾਫੀ ਭੀੜ ਰਹਿੰਦੀ ਹੈ। ਇਸ ਕਾਰਨ ਭਗਦੜ ਮੱਚ ਗਈ।