ਪਟਿਆਲਾ 9 ਅਗਸਤ (ਖ਼ਬਰ ਖਾਸ ਬਿਊਰੋ)
ਪੰਜਾਬੀ ਹਿਤੈਸ਼ੀਆਂ ਤੇ ਏਕੇ ਦੀ ਜਿੱਤ ਹੋ ਗਈ ਹੈ। ਪੰਜਾਬੀ ਭਾਸ਼ਾ ਦੇ ਨਾਮ ਉਤੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀ.ਸੀ.ਏ ਦੇ ਸਾਰੇ ਸਮੈਸਟਰਾਂ ਵਿਚ ਹੁਣ ਲਾਜ਼ਮੀ ਪੰਜਾਬੀ ਪੜ੍ਹਾਈ ਜਾਵੇਗੀ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਅਕਾਦਮਿਕ ਕੌਂਸਲ ਦੇ ਫੈਸਲੇ ਦੀ ਉਲੰਘਣਾ ਕਰਕੇ ਲਾਜ਼ਮੀ ਪੰਜਾਬੀ ਦੀ ਪੜ੍ਹਾਈ ਕਰਾਉਣ ਤੋਂ ਇਨਕਾਰ ਕੀਤਾ ਗਿਆ ਸੀ, ਜਿਸਦਾ ਪੰਜਾਬੀ ਹਿਤੈਸ਼ੀਆਂ ਵਲੋਂ ਗੰਭੀਰ ਨੋਟਿਸ ਲਿਆ ਗਿਆ ਸੀ।
ਲੋਕ ਮੰਚ ਪੰਜਾਬ ਵਲੋਂ 30 ਜੁਲਾਈ ਅਤੇ ਇਕ ਅਗਸਤ ਨੂੰ ਵਾਈਸ ਚਾਂਸਲਰ, ਸਿਖਿਆ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਸੰਬੰਧ ਵਿੱਚ ਸਖਤ ਪੱਤਰ ਲਿਖੇ ਗਏ ਸਨ। ਇਸਤੋਂ ਬਾਦ ਚਾਰ ਅਗਸਤ ਨੂੰ ਪੰਜਾਬੀ ਹਿਤੈਸ਼ੀ ਜੱਥੇਬੰਦੀਆਂ ਵਲੋਂ ਲੁਧਿਆਣਾ ਵਿਖੇ ਇਕ ਸਾਂਝੀ ਮੀਟਿੰਗ ਕਰਕੇ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਕਾਇਮ ਕੀਤੀ ਗਈ ਸੀ। ਤਾਲਮੇਲ ਕਮੇਟੀ ਵੱਲੋਂ ਵੀ ਅਧਿਕਾਰੀਆਂ ਨੂੰ ਇਕ ਪੱਤਰ ਲਿਖਿਆ ਗਿਆ। ਪੰਜਾਬੀਆਂ ਦੇ ਅਜਿਹੇ ਰੋਹ ਅੱਗੇ ਝੁਕਦੇ ਹੋਏ ਪੰਜਾਬੀ ਯੂਨਿਵਰਸਿਟੀ ਪਟਿਆਲਾ ਨੂੰ ਅੱਜ ਇਹ ਫੈਸਲਾ ਵਾਪਸ ਲੈਣਾ ਪਿਆ ਹੈ। ਤਾਲਮੇਲ ਕਮੇਟੀ ਅਤੇ ਸਮੂਹ ਪੰਜਾਬੀ ਹਿਤੈਸ਼ੀਆਂ ਦਾ ਲੋਕ ਮੰਚ ਪੰਜਾਬ ਵੱਲੋਂ ਧੰਨਵਾਦ ਕੀਤਾ ਹੈ।