ਪੈਰਿਸ 7 ਅਗਸਤ (ਖ਼ਬਰ ਖਾਸ ਬਿਊਰੋ)
ਭਾਰਤ ਅਤੇ ਕੁਸ਼ਤੀ ਪ੍ਰੇਮੀਆਂ ਨੂੰ ਨਾਖੁਸ਼ ਕਾਰਨ ਵਾਲੀ ਖ਼ਬਰ ਹੈ ਕਿ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਫੋਗਾਟ ਨੂੰ ਅਯੋਗ ਘੋਸ਼ਿਤ ਕਰਨ ਪਿੱਛੇ ਉਸਦਾ ਵਜ਼ਨ ਜ਼ਿਆਦਾ ਦੱਸਿਆ ਜਾ ਰਿਹਾ ਹੈ।
ਪੈਰਿਸ ਓਲੰਪਿਕ 2024 ‘ਚ ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਵਰਗ ਦੇ ਫਾਈਨਲ ਮੈਚ ਤੋਂ ਪਹਿਲਾਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਫਾਈਨਲ ਤੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਉਸ ਨੇ ਸੈਮੀਫਾਈਨਲ ‘ਚ ਕਿਊਬਾ ਦੀ ਲੋਪੇਜ਼ ਗੁਜ਼ਮੈਨ ਨੂੰ 5-0 ਨਾਲ ਹਰਾਇਆ ਸੀ। ਉਹ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਬਣੀ।
ਇਹ ਹੈ ਮਾਮਲਾ
ਭਾਰਤੀ ਓਲੰਪਿਕ ਸੰਘ (IOA) ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਸੰਘ ਨੇ ਕਿਹਾ, “ਭਾਰਤੀ ਦਲ ਨੂੰ ਇਸ ਗੱਲ ਦਾ ਦੁੱਖ ਹੈ ਕਿ ਵਿਨੇਸ਼ ਫੋਗਾਟ ਨੂੰ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ‘ਚੋਂ ਅਯੋਗ ਕਰਾਰ ਦਿੱਤਾ ਗਿਆ ਹੈ। ਟੀਮ ਵੱਲੋਂ ਰਾਤ ਭਰ ਕੀਤੇ ਗਏ ਬਿਹਤਰੀਨ ਯਤਨਾਂ ਦੇ ਬਾਵਜੂਦ ਅੱਜ ਸਵੇਰੇ ਉਸ ਦਾ ਭਾਰ ਸਿਰਫ 50 ਕਿਲੋਗ੍ਰਾਮ ਤੋਂ ਘੱਟ ਹੀ ਰਹਿ ਗਿਆ ਹੈ।
ਵਰਨਣਯੋਗ ਹੈ ਕਿ ਕਿਊਬਾ ਦੀ ਲੋਪੇਜ਼ ਗੁਜ਼ਮੈਨ ਨੂੰ ਹਰਾਉਣ ਬਾਅਦ ਸੋਸ਼ਲ ਮੀਡੀਆ ਖਾਸਕਰਕ ਐਕਸ ਉਤੇ ਵਿਨੇਸ਼ ਫੋਗਾਟ ਬਹੁਤ ਟਰੌਲ ਹੋ ਰਹੀ ਸੀ। ਪਿਛਲੇ ਸਾਲ ਪਹਿਲਵਾਨਾਂ ਵਲੋਂ ਦਿੱਲੀ ਜੰਤਰ ਮੰਤਰ ਉਤੇ ਦਿੱਤੇ ਗਏ ਧਰਨੇ ਦੀਆਂ ਖ਼ਬਰਾਂ ਅਤੇ ਫੋਟੋਆਂ, ਵੀਡਿਓ ਨੇ ਸੋਸ਼ਲ ਮੀਡੀਆ ਉਤੇ ਹੜ ਲਿਆਂਦਾ ਹੋਇਆ ਸੀ, ਇਸ ਨਾਲ ਦੇਸ਼ ਤੇ ਰਾਜ ਕਰਨ ਵਾਲੀ ਇਕ ਵਿਸੇਸ਼ ਪਾਰਟੀ ਦੀ ਕਿਰਕਿਰੀ ਵੀ ਹੋ ਰਹੀ ਸੀ। ਐਕਸ ਉਤੇ ਇਹ ਖ਼ਬਰਾਂ ਚੱਲ ਰਹੀਆਂ ਸਨ ਕਿ ਜਿਹੜੀਆਂ ਮਹਿਲਾਂ ਪਹਿਲਵਾਨਾਂ ਨੂੁੰ ਦੇਸ਼ ਦੀ ਰਾਜਧਾਨੀ ਵਿਚ ਲਿਤਾੜਿਆ ਦਾ ਜਾ ਰਿਹਾ ਸੀ, ਉਸਨੇ ਅੱਜ ਦੇਸ਼ ਦੀ ਲਾਜ਼ ਰੱਖੀ ਹੈ।
ਸੈਮੀਫਾਈਨਲ ‘ਚ ਹੋਈ ਵਿਨੇਸ਼ ਦੀ ਜਿੱਤ
ਮੰਗਲਵਾਰ ਨੂੰ ਖੇਡੇ ਗਏ ਮੈਚ ‘ਚ ਵਿਨੇਸ਼ ਪਹਿਲੇ ਦੌਰ ਤੱਕ 1-0 ਨਾਲ ਅੱਗੇ ਸੀ। ਫਿਰ ਆਖਰੀ ਤਿੰਨ ਮਿੰਟਾਂ ਵਿੱਚ, ਉਸਨੇ ਕਿਊਬਾ ਦੇ ਪਹਿਲਵਾਨ ‘ਤੇ ਡਬਲ ਲੈੱਗ ਹਮਲਾ ਕੀਤਾ ਅਤੇ ਚਾਰ ਅੰਕ ਹਾਸਲ ਕੀਤੇ। ਉਸ ਨੇ ਇਸ ਬੜ੍ਹਤ ਨੂੰ ਅੰਤ ਤੱਕ ਬਰਕਰਾਰ ਰੱਖਿਆ ਅਤੇ ਫਾਈਨਲ ਵਿੱਚ ਥਾਂ ਬਣਾਈ। ਸੈਮੀਫਾਈਨਲ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ‘ਚ ਯੂਕਰੇਨ ਦੀ ਲਿਵਾਚ ਉਕਸਾਨਾ ਨੂੰ 7-5 ਨਾਲ ਹਰਾਇਆ ਸੀ।
ਅਮਰੀਕੀ ਪਹਿਲਵਾਨ ਨਾਲ ਹੋਣਾ ਸੀ ਮੁਕਾਬਲਾ
ਵਿਨੇਸ਼ ਦਾ ਫਾਈਨਲ ਵਿੱਚ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰਾਂਡ ਨਾਲ ਮੁਕਾਬਲਾ ਹੋਣਾ ਸੀ। ਇਸ ਅਮਰੀਕੀ ਪਹਿਲਵਾਨ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਇਹ ਮੈਚ ਦੇਰ ਰਾਤ 12:30 ਵਜੇ (8 ਅਗਸਤ) ਨੂੰ ਖੇਡਿਆ ਜਾਵੇਗਾ।
ਮਾਂ ਨਾਲ ਕੀਤਾ ਸੀ ਗੋਲਡ ਮੈਡਲ ਜਿੱਤਣ ਦਾ ਵਾਅਦਾ
ਫਾਈਨਲ ਲਈ ਕੁਆਲੀਫਾਈ ਕਰਨ ਤੋਂ ਬਾਅਦ ਵਿਨੇਸ਼ ਨੇ ਵੀਡੀਓ ਕਾਲ ਰਾਹੀਂ ਆਪਣੀ ਮਾਂ ਨਾਲ ਗੱਲ ਕੀਤੀ ਅਤੇ ਆਪਣੀ ਮਾਂ ਅਤੇ ਪਰਿਵਾਰ ਨਾਲ ਗੱਲ ਕਰਦੇ ਹੋਏ ਉਸਨੇ ਸੋਨੇ (ਗੋਲਡ) ਤਮਗਾ ਜਿੱਤਣ ਦਾ ਵਾਅਦਾ ਕੀਤਾ ਸੀ, ਪਰ ਬਦਕਿਸਮਤੀ ਨਾਲ ਉਹ ਇਸ ਮੁਕਾਬਲੇ ਤੋਂ ਬਾਹਰ ਹੋ ਗਈ ਹੈ।