ਚੰਡੀਗੜ੍ਹ, 6 ਅਗਸਤ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਤੈਅ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਵੰਬਰ ਮਹੀਨੇ ਵਿਚ ਤਿੰਨ ਰੋਜ਼ਾ ਡੈਲੀਗੇਟ ਸੈਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਇਸ ਬਾਰੇ ਫੈਸਲਾ ਅੱਜ ਪਾਰਟੀ ਦੀ ਕੋਰ ਕਮੇਟੀ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਕਮੇਟੀ ਨੇ ਫੈਸਲਾ ਕੀਤਾ ਕਿ ਡੈਲੀਗੇਟ ਸੈਸ਼ਨ ਵਿਚ ਪੰਜਾਬ ਨਾਲ ਹੋਏ ਵਿਤਕਰੇ ਦੇ ਨਾਲ-ਨਾਲ ਸਿਹਤ, ਸਿੱਖਿਆ, ਵਾਤਾਵਰਣ, ਐਨ ਆਰ ਆਈ ਭਾਈਚਾਰੇ, ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਸਮੇਤ ਅਹਿਮ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਕੋਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਖੰਨਾ ਦੇ ਈਸੜੂ ਪਿੰਡ ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੀ, 19 ਅਗਸਤ ਨੂੰ ਰੱਖੜ ਪੁੰਨਿਆ ’ਤੇ ਬਾਬਾ ਬਕਾਲਾ ਵਿਖੇ ਅਤੇ 20 ਅਗਸਤ ਨੂੰ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸਿਆਸੀ ਕਾਨਫਰੰਸਾਂ ਆਯੋਜਿਤ ਕੀਤੀਆਂ ਜਾਣਗੀਆਂ।
ਇਸ ਦੌਰਾਨ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਜਿਸਦੀਆਂ ਅੱਜ ਇਥੇ ਮੀਟਿੰਗਾਂ ਹੋਈਆਂ ਵਿਚ 30 ਜੁਲਾਈ ਅਤੇ 1 ਅਗਸਤ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਅਨੁਸ਼ਾਸਨੀ ਕਮੇਟੀ ਵੱਲੋਂ ਲਏ ਫੈਸਲਿਆਂ ਦੀ ਪ੍ਰੋੜਤਾ ਵੀ ਕੀਤੀ ਗਈ। ਇਹਨਾਂ ਫੈਸਲਿਆਂ ਰਾਹੀਂ ਕੁਝ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।
ਦੋਵੇਂ ਕਮੇਟੀ ਨੇ ਪਾਸ ਕੀਤੇ ਮਤੇ ਰਾਹੀਂ ਕੁਝ ਮੈਂਬਰਾਂ ਦੇ ਦਿਹਾਂਤ ਹੋਣ ਕਾਰਣ ਤੇ ਕੁਝ ਮੈਂਬਰਾਂ ਦੇ ਪਾਰਟੀ ਛੱਡ ਜਾਣ ਤੇ ਪਾਰਟੀ ਵਿਚੋਂ ਕੱਢੇ ਜਾਣ ਕਾਰਣ ਪੈਦਾ ਹੋਈਆਂ ਆਸਾਮੀਆਂ ਦੀ ਪੂਰਤੀ ਵਾਸਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰਨ ਅਖ਼ਤਿਆਰ ਦੇਣ ਦਾ ਫੈਸਲਾ ਕੀਤਾ। ਇਹ ਪ੍ਰਵਾਨਗੀ ਪਾਰਟੀ ਦੇ ਸੰਵਿਧਾਨ ਦੀ ਧਾਰਾ 5 ਐਚ ਅਤੇ 29 ਤਹਿਤ ਦਿੱਤੀ ਗਈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਿਆਸੀ ਬਦਲਾਖੋਰੀ ਦਾ ਸਖ਼ਤ ਨੋਟਿਸ ਲਿਆ। ਹੋਰ ਮੈਂਬਰਾਂ ਨੇ ਵੀ ਬਿਕਰਮ ਸਿੰਘ ਮਜੀਠੀਆ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਮਜੀਠੀਆ ਨਾਲ ਕੀਤੀ ਜਾ ਰਹੀ ਸਿਆਸੀ ਬਦਲਾਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸਾਰੇ ਮੈਂਬਰਾਂ ਦਾ ਵਿਚਾਰ ਸੀ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਐਨ ਡੀ ਪੀ ਐਸ ਐਕਟ ਤਹਿਤ ਮਜੀਠੀਆ ਖਿਲਾਫ ਦਰਜ ਝੂਠੇ ਤੇ ਫਰਜ਼ੀ ਕੇਸ ਦੀ ਪੈਰਵੀ ਕਰ ਰਹੀ ਹੈ ਅਤੇ ਉਸਨੇ ਅਨੇਕਾਂ ਐਸ ਆਈ ਟੀ ਬਣਾ ਕੇ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਮੈਂਬਰਾਂ ਨੇ ਕਿਹਾ ਕਿ ਮੌਜੂਦਾ ਐਸ ਆਈ ਟੀ ਨੇ ਸਰਦਾਰ ਮਜੀਠੀਆ ਨੂੰ ਵਾਰ-ਵਾਰ ਸੰਮਨ ਜਾਰੀ ਕਰ ਕੇ ਉਹਨਾਂ ਨੂੰ ਅਦਾਲਤੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਦਾਲਤ ਤੋਂ ਉਹਨਾਂ ਦੇ ਉਲਟ ਹੁਕਮ ਜਾਰੀ ਕਰਵਾਏ ਜਾ ਸਕਣ।
ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਨੂੰ ਚਲਾਉਣ ਵਿਚ ਨਾਕਾਮ ਸਾਬਤ ਹੋਈ ਹੈ ਤੇ ਸੂਬੇ ਸਿਰ ਕਰਜ਼ਾ ਵੱਧ ਕੇ 3.5 ਲੱਖ ਕਰੋੜ ਰੁਪਏ ਹੋ ਗਿਆ ਹੈ ਤੇ ਆਪ ਸਰਕਾਰ ਨੇ ਹੀ 65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੂਬੇ ਸਿਰ ਚਾੜ੍ਹ ਦਿੱਤਾ ਹੈ। ਉਹਨਾਂ ਨੇ ਪੂੰਜੀਗਤ ਪ੍ਰਾਜੈਕਟ ਵਿਚ ਹਿੱਸਾ ਪਾਉਣ ਲਈ ਕਰਜ਼ਾ ਲੈਣ ਵਾਸਤੇ ਆਪ ਸਰਕਾਰ ਦੀ ਨਿਖੇਧੀ ਕੀਤੀ।
ਵਰਕਿੰਗ ਕਮੇਟੀ ਨੇ ਪਾਰਟੀ ਦੇ ਨਵੇਂ ਕੋਰ ਕਮੇਟੀ ਮੈਂਬਰਾਂ ਦੀ ਨਾਮਜ਼ਦਗੀ ਦੀ ਪ੍ਰਵਾਨਗੀ ਦਿੱਤੀ ਜਿਸ ਵਾਸਤੇ ਪਹਿਲਾਂ ਹੀ ਮਤਾ ਪਾਸ ਕੀਤਾ ਜਾ ਚੁੱਕਾ ਹੈ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਸੋਹਣ ਸਿੰਘ ਠੰਢਲ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਇਕਬਾਲ ਸਿੰਘ ਝੂੰਦਾ, ਪ੍ਰੋ. ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਡਾ. ਸੁਖਵਿੰਦਰ ਸੁੱਖੀ, ਲਖਬੀਰ ਸਿੰਘ ਲੋਧੀਨੰਗਲ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਬਲਦੇਵ ਸਿੰਘ ਖਹਿਰਾ, ਸਰਬਜੀਤ ਸਿੰਘ ਝਿੰਜਰ, ਬੀਬੀ ਹਰਗੋਬਿੰਦ ਕੌਰ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਸ਼ਮੂਲੀਅਤ ਕੀਤੀ।