ਚੰਡੀਗੜ੍ਹ, 6 ਅਗਸਤ (ਖ਼ਬਰ ਖਾਸ ਬਿਊਰੋ)
ਫ਼ਲਸਤੀਨੀ ਲੋਕਾਂ ਦੀ ਬੇਰਹਿਮੀ ਨਾਲ ਹੋ ਰਹੀ ਨਸਲਕੁਸ਼ੀ ਖਿਲਾਫ਼ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਭਾਰਤੀ ਕਮਿਊਨਿਸਟ ਪਾਰਟੀ (ਐਮ. ਐਲ. ਲਿਬਰੇਸ਼ਨ) ਆਇਲੂ, ਐਪਸੋ, ਸੀਟੂ, ਏਟਕ ਅਤੇ ਈਅਲ ਵਲੋਂ ਪਲਾਜ਼ਾ, ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਬੰਤ ਬਰਾੜ, ਸੂਬਾ ਸਕੱਤਰ, ਸੀਪੀਆਈ ਨੇ ਸੰਬੋਧਨ ਕਰਦੇ ਕਿਹਾ ਕਿ ਇਜ਼ਰਾਈਲੀ ਸਰਕਾਰ ਅਤੇ ਇਜ਼ਰਾਈਲੀ ਫੌਜ਼ ਨੇ ਫ਼ਲਸਤੀਨੀ ਲੋਕਾਂ ਦੇ ਮਾਨਵੀ ਅਧਿਕਾਰਾਂ ਨੂੰ ਮਧੋਲ ਕੇ ਰੱਖ ਦਿੱਤਾ ਹੈ। ਨਿਹੱਥੇ ਹਜ਼ਾਰਾਂ ਬੱਚੇ ਅਤੇ ਔਰਤਾਂ ਦਾ ਬੇਰਹਿਮੀ ਨਾਲ ਲੋਕ ਮਾਰੂ ਬੰਬ ਦਾਗ਼ ਦਾਗ਼ ਕੇ ਕਤਲ ਕੀਤਾ ਗਿਆ ਹੈ। ਹਸਪਤਾਲ ਅਤੇ ਸ਼ਰਨਾਰਥੀ ਕਾਫਲੇ ਵੀ ਨਹੀਂ ਬਖਸ਼ੇ ਗਏ ਇਹ ਕਿੱਥੋਂ ਦੀ ਇਨਸਾਨੀਅਤ ਅਤੇ ਇਨਸਾਫ਼ ਦਾ ਪਾਠ ਜੰਗੀ ਖੇਮਿਆਂ ਦੇ ਸਰਦਾਰ ਮਾਨਵਤਾ ਨੂੰ ਪੜ੍ਹਾ ਰਹੇ ਹਨ? ਕੀ ਜਿਊਣ ਦਾ ਹੱਕ ਸਿਰਫ਼ ਹੈਕੜਬਾਜ ਜੰਗ-ਜੂਆਂ ਨੂੰ ਹੀ ਹੈ? ਕੀ ਜੰਗ ਕਿਸੇ ਮਸਲੇ ਦਾ ਹੱਲ ਹੈ? ਆਮ ਜਨਤਾ ਨੂੰ ਘਰੋਂ ਉਜਾੜਨਾ ਤੇ ਨਸਲਕੁਸ਼ੀ ਕਰਦੇ ਹੋਏ ਫ਼ਲਸਤੀਨੀਆਂ ਦਾ ਮੁਲਕ ਹੀ ਬਰਬਾਦ ਕਰਨਾ ਕਿਸੇ ਤਰਾਂ ਵੀ ਜਾਇਜ਼ ਨਹੀਂ। ਅਸੀਂ ਸਾਰੇ ਫ਼ਲਸਤੀਨੀ ਜਨਤਾ ਨਾਲ ਗਹਿਰੀ ਸੰਵੇਦਨਾ ਵਿਅਕਤ ਕਰਦੇ ਹਾਂ।
ਦੇਵੀ ਦਿਆਲ ਸ਼ਰਮਾ ਸਾਬਕਾ ਸਕੱਤਰ ਸੀਪੀਆਈ, ਜਸਪਾਲ ਦੱਪਰ (ਵਕੀਲ ਨੇਤਾ), ਕਰਮ ਸਿੰਘ ਵਕੀਲ ਪ੍ਰਧਾਨ ਆਲ ਇੰਡੀਆ ਲਾਇਰਜ਼ ਯੂਨੀਅਨ, ਐਂਨ ਡੀ ਤਿਵਾੜੀ – ਸਕੱਤਰ (ਪੀਐਸ ਐੱਸ ਵਿਗਿਆਨਕ), ਆਸ਼ਾ ਰਾਣਾ ਐਡਵਾ ਸੂਬਾ ਉਪ ਪ੍ਰਧਾਨ, ਬਲਕਾਰ ਸਿੱਧੂ ਰੰਗਕਰਮੀ, ਜੋਬੀ ਰਫੈਲ, ਰਾਜ ਕੁਮਾਰ ਸਕੱਤਰ ਸੀਪੀਆਈ, ਮੁਹੰਮਦ ਸ਼ਹਿਨਾਜ਼ ਗੋਰਸੀ ਸਕੱਤਰ, ਸੀਪੀਆਈ (ਐਮ), ਆਰ ਐੱਲ ਮੋਦਗਿਲ ਜਨਰਲ ਸਕੱਤਰ- ਐਪਸੋ, ਸਤੀਆਵੀਰ ਸਕੱਤਰ ਏਟਕ ਅਤੇ ਸਗੀਰ ਅਹਿਮਦ ਆਇਲੂ ਨੇਤਾ ਨੇ ਹਾਜ਼ਰ ਇਕਠ ਨੂੰ ਸੰਬੋਧਨ ਕਰਦੇ ਹੋਏ ਫ਼ਲਸਤੀਨੀ ਲੋਕਾਂ ਲਈ ਹਾਅ ਦਾ ਨਾਅਰਾ ਮਾਰੀਆ ਅਤੇ ਹਮਲਾਵਰ ਇਜ਼ਰਾਈਲ ਦੀ ਨਿੰਦਾ ਕੀਤਾ।ਅੰਤ ਵਿੱਚ ਫ਼ਲਸਤੀਨੀ ਲੋਕਾਂ ਉਤੇ ਥੋਪੀ ਬੇਲੋੜੀ ਜੰਗ ਬੰਦ ਕਰਨ ਅਤੇ ਫ਼ਲਸਤੀਨ ਵਿਚ ਅਮਨ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਗਈ।