Sukhdev singh
ਨਵੀਂ ਸੋਚ!
ਖਾਲਸਾ ਪੰਥ ਦੀ ਨੀਂਹ ਰੱਖ ਕੇ
ਬੇਜਾਨਾਂ ‘ਚ ਜਾਨ ਪਾਈ ਸੀ ਤੂੰ!
ਬੰਦ ਅੱਖਾਂ ਤੋਂ ਤੂੰ ਖੁਲਵਾਈ ਪੱਟੀ
ਬੰਦ ਮੂੰਹਾਂ ‘ਚ ਜ਼ੁਬਾਨ ਪਾਈ ਸੀ ਤੂੰ !
ਤੂੰ ਜਾਤਾਂ-ਕੁਜਾਤਾਂ ਨੂੰ ਤੋੜਦਿਆਂ,
ਇੱਕ ਬਾਟੇ ‘ਚ ਅੰਮ੍ਰਿਤ ਦੀ ਬੂੰਦ ਪਿਲਾਈ ਸੀ ਤੂੰ !
ਦੱਬਿਆਂ -ਕੁਚਲਿਆਂ ਦੀ ਫੌਜ ਬਣਾਈ ਅਨੋਖੀ ,
ਜ਼ੁਲਮਾਂ ਉਪਰ ਠੱਲ੍ਹ ਪਾਈ ਸੀ ਤੂੰ !
ਮਾਨਵਤਾ ਦੀ ਹੋਂਦ ਬਚਾਉਣ ਖਾਤਰ,
ਬਾਪ, ਪੁੱਤ ਵਾਰਨ ਦੀ ਰੀਤ ਚਲਾਈ ਸੀ ਤੂੰ !
ਜਦੋਂ ਬਹਿ ਗਏ ਸੀ ਲੋਕ ਬੇਵਸ ਹੋ ਕੇ ,
ਫਿਰ ਆਪਣੀ ਜਾਨ ਲੇਖੇ ਲਾਈ ਸੀ ਤੂੰ !
ਹੇ ਗੁਰੂ ਗੋਬਿੰਦ ਸਿੰਘ ਜੀ –
ਤੇਰੇ ਵਾਰਸ ਨਵੀਂ ਰੀਤ ਚਲਾਉਣ ਲੱਗੇ!
ਮਾੜਿਆਂ ਲਈ ਨਾ ਰਹੀ ਹਮਦਰਦੀ
ਪੁੱਤਾਂ, ਧੀਆਂ ਲਈ ਬਸ ਜਿਉਣ ਲੱਗੇ!
ਲਾਲਚ ਵਿਚ ਹੋਏ ਫਿਰਨ ਅੰਨ੍ਹੇ,
ਦੂਜਿਆਂ ਦੇ ਪੁੱਤ ਮਰਵਾਉਣ ਲੱਗੇ!
ਲੋਕ ਜਾਣ ਢੱਠੇ ਖੂਹ ਅੰਦਰ,
ਆਪਣਿਆਂ ਲਈ ਕੁਰਸੀ ਹਥਿਆਉਣ ਲੱਗੇ!
ਤੇਰੀ ਸੋਚ ਜੋ ਹਨੇਰਿਆਂ ‘ਚ ਬਣੇ ਸੂਰਜ ,
ਉਸੇ ਸੋਚ ਨੂੰ ਨੁਕਰੇ ਲਗਾਉਣ ਲੱਗੇ!
ਭੁੱਲੇ-ਭਟਕਿਆਂ, ਵਿਗੜਿਆਂ ਨੂੰ ਸਮੱਤ ਬਖਸ਼ੀਂ,
ਜਿਹੜੇ ਗੈਰ-ਮਾਨਵਤਾ ਦੇ ਸੋਹਲੇ ਗਾਉਣ ਲੱਗੇ!
ਲੇਖਕ- ਸੁਖਦੇਵ ਸਲੇਮਪੁਰੀ (ਮੋਬਾਇਲ ਨੰਬਰ- 09780620233)