ਚੰਡੀਗੜ੍ਹ 5 ਅਗਸਤ (ਖ਼ਬਰ ਖਾਸ ਬਿਊਰੋ)
ਅੱਜ ਚੰਡੀਗੜ੍ਹ ਦੇ ਸੈਕਟਰ-30 ਵਿਚ ਸਥਿਤ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਅਕਾਲੀ ਸੁਧਾਰ ਲਹਿਰ ਵਲੋਂ ‘ਸਿੱਖ ਰਾਜਨੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ’ ਵਿਸ਼ੇ ਉੱਤੇ ਸੈਮੀਨਾਰ ਆਯੋਜਿਤ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਆਪਣੇ ਵਿਚਾਰ ਪੇਸ ਕੀਤੇ।
ਇਸ ਮੌਕੇ ਡਾ ਬਲਕਾਰ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆੰ ਸ਼ਰੋਮਣੀ ਅਕਾਲੀ ਦਲ ਅਤੇ ਮੌਜੂਦ ਸਿੱਖ ਲੀਡਰਸ਼ਿਪ ਨੂੰ ਵਰਤਮਾਨ ਅਤੇ ਭਵਿੱਖ ਵਿੱਚ ਆ ਰਹੀਆੰ ਦਰਪੇਸ਼ ਚੁਣੌਤੀਆਂ ਦੇ ਮੁਸ਼ਕਿਲਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਮੌਜੂਦਾ ਦੌਰ ਅੰਦਰ ਲੀਡਰ ਵਹੂਣੀ ਹੋਈ ਹੋਈ ਕੌਮ ਨੂੰ ਸ੍ਰੀ ਆਕਾਲ ਤਖਤ ਸਾਹਿਬ ਤੋਂ ਸੇਧ ਲੈਣ ਦੀ ਲੋੜ ਹੈ। ਡਾ. ਬਲਕਾਰ ਨੇ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ਅਤੇ ਪੰਥ ਉੱਤੇ ਭੀੜ ਪਈ ਤਾਂ ਸ੍ਰੀ ਆਕਾਲ ਤਖਤ ਸਾਹਿਬ ਨੇ ਆਪਣੀ ਨਿਰਪੱਖ ਭੂਮਿਕਾ ਨਿਭਾਈ। ਉਨ੍ਹਾਂ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਸ ਤਰ੍ਹਾਂ ਸ੍ਰੀ ਆਕਾਲ ਤਖਤ ਸਾਹਿਬ ਦੇ ਸਾਹਮਣੇ ਆਪਣੀਆਂ ਬੱਜਰ ਗਲਤੀਆਂ ਅਤੇ ਕੁਤਾਹੀਆਂ ਸੰਬੰਧੀ ਲਿਖਤੀ ਕਬੂਲਨਾਮਾ ਦਿੱਤਾ ਗਿਆ, ਜਿਸ ਨਾਲ ਸਮੁੱਚੀ ਸਿੱਖ ਸੰਗਤਾਂ ਦੇ ਮਨਾਂ ਤੇ ਗਹਿਰੀ ਸੱਟ ਵੱਜੀ ਹੈ। ਉਪਰੋਕਤ ਕਬੂਲਨਾਮੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਭਵਿੱਖ ਵਿੱਚ ਸਿੱਖ ਲੀਡਰਸ਼ਿਪ ਅਤੇ ਅਕਾਲੀ ਦਲ ਦੀ ਨਿਘਾਰ ਵੱਲ ਜਾ ਰਹੀ ਮੌਜੂਦਾ ਸਥਿਤੀ ਨੂੰ ਉੱਪਰ ਚੁੱਕਣ ਲਈ ਵੱਡੇ ਬਦਲਾਅ ਦੀ ਲੋੜ ਹੈ। ਡਾ ਬਲਕਾਰ ਨੇ ਆਖਿਆ ਕਿ ਜੇਕਰ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝਦਿਆਂ ਅਕਾਲੀ ਲੀਡਰਸ਼ਿਪ ਲਾਂਭੇ ਨਹੀਂ ਹੁੰਦੀ ਤਾਂ ਸਿੰਘ ਸਾਹਿਬਾਨਾ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ।
ਇਸ ਮੌਕੇ ਸਾਬਕਾ ਵਾਈਸ ਚਾਂਸਲਰ ਅਤੇ ਸਿੱਖ ਬੁੱਧੀਜੀਵੀ ਡਾ ਗੁਰਮੋਹਨ ਸਿੰਘ ਵਾਲੀਆ ਨੇ ਸ਼ਰੋਮਣੀ ਅਕਾਲੀ ਦਲ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਵਿੱਚ ਆ ਰਹੀ ਗਿਰਾਵਟ ‘ਤੇ ਚਿੰਤਾ ਪ੍ਰਗਟ ਕਰਦਿਆੰ ਆਖਿਆ ਕਿ ਮੌਜੂਦਾ ਸਮੇਂ ਅੰਦਰ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਕੌਮ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਲੀਡਰਸ਼ਿਪ ਦੀ ਦਿਖ, ਪਹਿਰਾਵਾ, ਬੋਲੀ ਅਤੇ ਸਹਿਚਾਰ ਪੰਥਕ ਨਜ਼ਰੀਏ ਵਾਲਾ ਹੋਣਾ ਜਰੂਰੀ ਹੈ। ਡਾ. ਵਾਲੀਆ ਨੇ ਆਖਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆ ਰਹੇ ਨਿਘਾਰ ਨੂੰ ਦੂਰ ਕਰਕੇ ਸਿੱਖ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਆਖਿਆ ਕਿ ਧਰਮ ਪ੍ਰਚਾਰ ਅਤੇ ਵਿੱਦਿਆ ਦੇ ਖੇਤਰ ‘ਚ ਵਿਲੱਖਣ ਪਹੁੰਚ ਅਪਣਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਾਡੀਆਂ ਵਿੱਦਿਅਕ ਸਿੱਖ ਸੰਸਥਾਵਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਭਾਰਤੀ ਪ੍ਰਸ਼ਾਨਿਕ ਸੇਵਾਵਾਂ ਸਿਖਲਾਈ ਕੇਂਦਰ ਖੋਲ੍ਹਣ ਦੀ ਲੋੜ੍ਹ ਹੈ। ਜਿਸ ਨਾਲ ਸਾਡੇ ਬੱਚੇ ਪੜ੍ਹ ਲਿਖਕੇ ਉੱਚ ਆਹੁਦਿਆਂ ਤੇ ਪਹੁੰਚ ਸਕਣ।ਸੈਮੀਨਾਰ ਵਿੱਚ ਬਹੁੱਤ ਸਾਰੇ ਬੁੱਧੀਜੀਵੀ, ਡਾਕਟਰ ਅਤੇ ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ ਸਮੇਤ ਬਹੁਤ ਸਾਰੇ ਵਕੀਲ ਸਾਹਿਬਾਨ ਹਾਜ਼ਰ ਸਨ।
ਇਸ ਮੌਕੇ ਗੁਰਪ੍ਰਤਾਪ ਸਿੰਘ ਬਡਾਲਾ ਕਨਵੀਨਰ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜੰਗੀਰ ਕੌਰ, ਸੁਰਜੀਤ ਸਿੰਘ ਰੱਖੜਾ,, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਗਗਨਜੀਤ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਜਸਟਿਸ ਨਿਰਮਲ ਸਿੰਘ, ਸਰਵਨ ਸਿੰਘ ਫਿਲੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਜੀਤ ਕੌਰ ਗੁਲਸ਼ਨ, ਸਤਵਿੰਦਰ ਕੌਰ ਧਾਲੀਵਾਲ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਪਰਮਜੀਤ ਕੌਰ ਲਾਂਡਰਾ, ਕਰਨੈਲ ਸਿੰਘ ਪੰਜੌਲੀ, ਜਥੇ. ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਭੁਪਿੰਦਰ ਸਿੰਘ ਸ਼ੇਖੂਪੁਰ, ਤਜਿੰਦਰਪਾਲ ਸਿੰਘ ਸੰਧੂ, ਬੀਬੀ, ਸੁਰਿੰਦਰ ਕੌਰ ਦਿਆਲ, ਬੀਬੀ ਅਵਨੀਤ ਕੌਰ ਲੁਧਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੀਡਰਸ਼ਿਪ ਅਤੇ ਸਰੋਤੇ ਹਾਜ਼ਰ ਸਨ।