ਜੰਡਿਆਲਾ ਗੁਰੂ, 3 ਅਗਸਤ (ਖ਼ਬਰ ਖਾਸ ਬਿਊਰੋ)
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸਿਵਲ ਹਸਪਤਾਲ ਮਾਨਾਂਵਾਲਾ ਵਿੱਚ ਅਚਨਚੇਤ ਪਹੁੰਚ ਕੇ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਹਸਪਤਾਲ ਵਿੱਚ ਆਏ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸਬੰਧਤ ਡਾਕਟਰਾਂ ਨੂੰ ਤੁਰੰਤ ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 72 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਸ ਵਿੱਚ ਇਸ ਸਾਲ ਦੌਰਾਨ ਕਰੀਬ ਅੱਠ ਲੱਖ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਕੁਲ 80 ਤਰ੍ਹਾਂ ਦੀਆਂ ਮੁਫਤ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਮੁਫਤ ਵਿੱਚ ਕੀਤੇ ਜਾਂਦੇ ਹਨ ਅਤੇ ਇਸ ਸਾਲ ਦੌਰਾਨ ਕਰੀਬ 1,15000 ਲੋਕਾਂ ਨੇ ਆਪਣੇ ਲੈਬ ਟੈਸਟ ਕਰਵਾਏ ਹਨ। ਕੈਬਨਟ ਮੰਤਰੀ ਈਟੀਓ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਘਰਾਂ ਨੇੜੇ ਬਿਹਤਰ ਅਤੇ ਮੁਫਤ ਇਲਾਜ ਦੀ ਸੁਵਿਧਾ ਮਿਲੀ ਹੈ। ਈਟੀਓ ਨੇ ਸਿਵਲ ਹਸਪਤਾਲ ਮਾਨਾਂਵਾਲਾ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ ਹੈ।
ਸਿਵਲ ਹਸਪਤਾਲ ਮਾਨਾਂਵਾਲਾ ਦਾ ਰਿਕਾਰਡ ਚੈੱਕ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ।