ਚੰਡੀਗੜ੍ਹ, 2 ਅਗਸਤ (ਖ਼ਬਰ ਖਾਸ ਬਿਊਰੋ)
ਸੜਕੀ ਹਾਦਸੇ ਰੋਕਣ ਲਈ ਟ੍ਰੈਫਿਕ ਪੁਲਿਸ ਹੁਣ ਜਾਗਰੂਕਤਾ ਮੁਹਿੰਮ ਚਲਾਏਗੀ। ਪਹਿਲਾਂ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਇਕ ਅਗਸਤ ਤੋਂ ਨਾਬਾਲਿਗ ਦੇ ਵਹੀਕਲ ਚਲਾਉਣ ਉਤੇ ਪਕੜੇ ਜਾਣ ਤੇ ਚਾਲਾਨ ਕੱਟਣ ਬਾਰੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਸੀ, ਪਰ ਹੇਠਲੇ ਪੱਧਰ ਤੋ ਮਿਲੀਆ ਰਿਪੋਰਟਾਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਫੈਸਲਾ ਬਦਲ ਲਿਆ ਹੈ।
ਵਧੀਕ ਡਾਇਰੈਕਟਰ ਜਨਰਲ ਪੁਲਿਸ (ਟਰੈਫਿਕ) ਏ.ਐਸ ਰਾਏ ਨੇ ਦੱਸਿਆ ਕਿ ਨਾਬਾਲਗਾਂ ਵਿਰੁੱਧ 1 ਅਗਸਤ ਤੋਂ ਟਰੈਫਿਕ ਚਲਾਨ ਕੱਟਣ ਦੀ ਮੁਹਿੰਮ ਜਾਗਰੂਕਤਾ ਮੁਹਿੰਮ ਚਲਾ ਰਹੀਆਂ ਸਮਾਜ ਸੇਵੀ ਸੰਸਥਾਵਾਂ, ਬੁੱਧੀਜੀਵੀਆਂ ਨੇ ਫਿਲਹਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ। ਹੁਣ 20 ਅਗਸਤ ਤੱਕ ਸੂਬੇ ਦੇ ਸਮੂਹ ਪੁਲਿਸ ਮੁਖੀਆ ਨੂੰ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਕੋਈ ਭੰਬਲਭੂਸਾ ਪੈਦਾ ਨਾ ਹੋਵੇ।
ਨਵੇਂ ਮੋਟਰ ਵਹੀਕਲ ਐਕਟ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਤਹਿਤ ਤਿੰਨ ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਬੱਚੇ ਵੱਲੋਂ ਚਲਾਏ ਜਾ ਰਹੇ ਵਾਹਨ ਦੀ ਰਜਿਸਟ੍ਰੇਸ਼ਨ ਇੱਕ ਸਾਲ ਲਈ ਰੱਦ ਕਰ ਦਿੱਤੀ ਜਾਵੇਗੀ। ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਨਾਬਾਲਗਾਂ ਵਿਰੁੱਧ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ।
ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਹਰੀ ਨੰਬਰ ਪਲੇਟ ਵਾਲੇ ਇਲੈਕਟ੍ਰਾਨਿਕ ਵਾਹਨਾਂ ਲਈ ਲਾਇਸੈਂਸ ਲਾਜ਼ਮੀ ਹੈ। 16 ਸਾਲ ਤੋਂ ਘੱਟ ਉਮਰ ਦਾ ਬੱਚਾ ਹੈਲਮੇਟ ਪਾ ਕੇ 50 ਸੀਸੀ ਤੋਂ ਘੱਟ ਸਮਰੱਥਾ ਵਾਲਾ ਵਹੀਕਲ ਚਲਾ ਸਕਦਾ ਹੈ।