ਲਖਨਊ, 18 ਅਪ੍ਰੈਲ (ਖ਼ਬਰ ਖਾਸ ਬਿਊਰੋ)
ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਔਰਤ ਸਮੇਤ ਛੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਸੰਸਦ ਰਵੀ ਕਿਸ਼ਨ ਉਸ ਦੀ ਧੀ ਦਾ ਪਿਤਾ ਹੈ। ਇਹ ਐੱਫਆਈਆਰ ਰਵੀ ਕਿਸ਼ਨ ਦੀ ਪਤਨੀ ਪ੍ਰੀਤੀ ਸ਼ੁਕਲਾ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ। ਐੱਫਆਈਆਰ ਵਿੱਚ ਔਰਤ ਅਪਰਨਾ ਠਾਕੁਰ ਤੋਂ ਇਲਾਵਾ ਉਸ ਦੇ ਪਤੀ ਰਾਜੇਸ਼ ਸੋਨੀ, ਬੇਟੀ ਸ਼ੇਨੋਵਾ ਸੋਨੀ, ਬੇਟੇ ਸੋਨਕ ਸੋਨੀ, ਸਮਾਜਵਾਦੀ ਪਾਰਟੀ ਦੇ ਨੇਤਾ ਵਿਵੇਕ ਕੁਮਾਰ ਪਾਂਡੇ ਅਤੇ ਪੱਤਰਕਾਰ ਖੁਰਸ਼ੀਦ ਖਾਨ ਦਾ ਨਾਂ ਸ਼ਾਮਲ ਹੈ। ਭਾਜਪਾ ਸੰਸਦ ਮੈਂਬਰ ਦੀ ਪਤਨੀ ਨੇ ਐੱਫਆਈਆਰ ਵਿੱਚ ਇਹ ਵੀ ਦੋਸ਼ ਲਗਾਇਆ ਹੈ ਕਿ ਅਪਰਨਾ ਸੋਨੀ ਉਰਫ਼ ਅਪਰਨਾ ਠਾਕੁਰ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਸ ਦੇ ਅੰਡਰਵਰਲਡ ਨਾਲ ਸਬੰਧ ਹਨ। ਉਸ ਨੇ ਕਥਿਤ ਤੌਰ ‘ਤੇ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਮੰਗ ਪੂਰੀ ਨਾ ਕੀਤੀ ਤਾਂ ਉਹ ਰਵੀ ਕਿਸ਼ਨ ਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾ ਕੇ ਉਸ ਦਾ ਅਕਸ ਖਰਾਬ ਕਰ ਦੇਵੇਗੀ। ਭਾਜਪਾ ਨੇ ਰਵੀ ਕਿਸ਼ਨ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਗੋਰਖਪੁਰ ਤੋਂ ਚੋਣ ਲੜਨ ਲਈ ਮੁੜ ਨਾਮਜ਼ਦ ਕੀਤਾ ਹੈ।