ਮੁੱਖ ਮੰਤਰੀ ਨਾਲ ਚੱਲਦਾ ਰਿਹਾ ਛੱਤੀ ਦਾ ਅੰਕੜਾ
ਚੰਡੀਗੜ੍ਹ 30 ਜੁਲਾਈ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਸਬੰਧ ਕੁੜਤਣ ਵਾਲੇ ਹੀ ਰਹੇ ਹਨ। ਭਾਵੇਂ ਕਿ ਸੂਬੇ ਦੀਆਂ ਦੋਵੇ ਮਹਾਨ ਸਖਸ਼ੀਅਤਾਂ ਇਕ ਦੂਜੇ ਨਾਲ ਕੋਈ ਵੈਰ-ਵਿਰੋਧ ਨਾ ਹੋਣ ਬਾਰੇ ਸਫ਼ਾਈ ਦਿੰਦੇ ਰਹੇ ਹਨ, ਪਰ ਦੋਵਾਂ ਵਿਚਕਾਰ ਵੱਖ-ਵੱਖ ਮੁੱਦਿਆਂ ਉਤੇ ਤਿੜਕ ਧਾਂਸ (ਝਗੜਾ) ਹੁੰਦਾ ਰਿਹਾ ਹੈ। ਸਾਰੇ ਇਹ ਮੰਨਦੇ ਰਹੇ ਕਿ ਪੁਰੋਹਿਤ ਅਤੇ ਮਾਨ ਵਿਚਕਾਰ 36 ਦਾ ਅੰਕੜਾ ਚੱਲਦਾ ਹੈ।
ਮੰਗਲਵਾਰ ਨੂੰ ਵਿਦਾਇਗੀ ਪਾਰਟੀ ਦੌਰਾਨ ਬਨਵਾਰੀ ਲਾਲ ਪੁਰੋਹਿਤ ਨੇ ਇਹਨਾਂ ਸਾਰੇ ਸ਼ਬਦਾਂ ਨੂੰ ਵਿਰਾਮ ਦੇ ਦਿੱਤਾ ਹੈ। ਉਹ ਇੱਥੇ ਦੀਆਂ ਗੱਲਾਂ, ਇੱਥੇ ਛੱਡਕੇ ਹੀ ਹਲਕੇ ਹੋ ਕੇ ਜਾ ਰਹੇ ਹਨ। ਵਿਦਾਇਗੀ ਪਾਰਟੀ ਦੌਰਾਨ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਪੁਰੋਹਿਤ ਨੇ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਖੁਸ਼ੀ ਨਾਲ ਜਾ ਰਿਹਾ ਹਾਂ। ਇਹ ਸ਼ਬਦ ਪੰਜਾਬ ਦੇ ਰਾਜਪਾਲ ਤੇ ਚੰਡੀਗੜ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ ਵਿਖੇ ਆਯੋਜਿਤ ਵਿਦਾਇਗੀ ਪਾਰਟੀ ਦੌਰਾਨ ਸਾਂਝੇ ਕੀਤੇ। ਵਿਦਾਇਗੀ ਪਾਰਟੀ ਵਿਚ ਪੰਜਾਬ ਸਰਕਾਰ ਵਲੋਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਾਜ਼ਰੀ ਭਰੀ। ਜਦਕਿ ਮੁੱਖ ਮੰਤਰੀ ਦਿੱਲੀ ਵਿਚ ਹੋਣ ਕਰਕੇ ਹਾਜ਼ਰ ਨਹੀਂ ਹੋਏ।
85 ਸਾਲਾਂ ਪੁਰੋਹਿਤ ਨੇ ਕਿਹਾ ਕਿ ਉਹ ਬਿਨਾਂ ਕਿਸੇ ਰੰਜਿਸ਼ ਨਾਲ ਜਾ ਰਹੇ ਹਨ। ਉਨਾਂ ਕਿਹਾ ਕਿ ਮੇਰਾ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਹੋਣ ਦੀ ਗੱਲ ਕਹੀ ਗਈ ਜਦਕਿ ਅਜਿਹਾ ਨਹੀਂ ਸੀ। ਆਪਣਾ ਅਸਤੀਫ਼ਾ ਦੇਣ ਬਾਰੇ ਰਾਜਪਾਲ ਨੇ ਕਿਹਾ ਕਿ ਉਹ 85 ਸਾਲ ਦਾ ਹੋ ਗਿਆ ਅਤੇ ਪਰਿਵਾਰ ਨਾਲ ਸੰਨਿਆਸ ਲੈਣ ਦੀ ਗੱਲ ਕਹੀ। ਪਰਿਵਾਰਕ ਮੈਂਬਰ ਸਹਿਮਤ ਹੋ ਗਏ। ਇਸ ਤਰਾਂ ਉਹ ਤਿਰੂਪਤੀ ਬਾਲਾ ਜੀ ਦੇ ਮੰਦਰ ਅਤੇ ਅਯੁੱਧਿਆ ਮੱਥਾ ਟੇਕਣ ਗਏ। ਇਸਤੋ ਬਾ੍ਦ ਉਨਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਨਿਆਸ ਲੈਣ ਦੀ ਗੱਲ ਕੀਤੀ। ਫਿਰ ਰਾਜ ਭਵਨ ਵਿਖੇ ਆ ਕੇ ਅਸਤੀਫ਼ਾ ਦੇ ਦਿੱਤਾ ਸੀ।
ਪੁਰੋਹਿਤ ਨੇ ਕਿਹਾ ਕਿ ਸੀਨੀਅਰ ਆਗੂਆਂ ਨੇ ਫੋਨ ਕਰਕੇ ਅਸਤੀਫ਼ਾ ਦੇਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਮੇਰੀ ਗੱਲ ਤਾਂ ਹੋਈ ਸੀ ਤਾਂ ਅੱਗੋ ਸੀਨੀਅਰ ਆਗੂਆਂ ਨੇ ਕਿਹਾ ਕਿ ਅਸਤੀਫ਼ਾ ਦੇਣ ਬਾਰੇ ਤਾਂ ਕਿਹਾ ਨਹੀ ਸੀ। ਇਸ ਤਰਾਂ ਹਾਈਕਮਾਨ ਨੇ ਲੋਕ ਸਭਾ ਚੋਣਾਂ ਤੱਕ ਕੰਮ ਕਰਨ ਲਈ ਕਿਹਾ ਸੀ। ਉਨਾਂ ਕਿਹਾ ਕਿ ਅਸਤੀਫੇ ਬਾਰੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਮਜ਼ਾਕ ਵਿਚ ਕਿਹਾ ਕਿ ਲੱਗਦਾ ਹੈ ਕਿ ਸੀ.ਐਮ ਨੂੰ ਮੈਂ ਪਸੰਦ ਨਹੀਂ ਸੀ।
ਮੁੱਖ ਮੰਤਰੀ ਨਾਲ ਹੈਲੀਕਾਪਟਰ ਵਿਵਾਦ ‘ਤੇ ਰਾਜਪਾਲ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਦੱਸ ਦੇਣ ਕਿ ਉਨ੍ਹਾਂ ਨੇ ਹੈਲੀਕਾਪਟਰ ਇਸਲਈ ਛੱਡਿਆ ਸੀ ਕਿਉਂਕਿ ਉਹ ਕਾਰ ਰਾਹੀਂ ਪੂਰੇ ਸੂਬੇ ਦਾ ਦੌਰਾ ਕਰਨਾ ਚਾਹੁੰਦੇ ਸਨ। ਉਸ ਨੂੰ ਕਾਰ ਵਿਚ ਬੈਠ ਕੇ ਫਸਲਾਂ ਦੇਖਣਾ ਅਤੇ ਪੂਰੇ ਪੰਜਾਬ ਵਿਚ ਘੁੰਮਣਾ ਚੰਗਾ ਲੱਗਦਾ। ਕਾਰ ਵਿਚ ਸਫ਼ਰ ਕਰਨ ਨਾਲ ਉਹਨਾਂ ਨੂੰ ਫਸਲਾਂ ਅਤੇ ਸੂਬੇ ਦੀ ਧਰਾਤਲ ਸਚਾਈ ਦਾ ਪਤਾ ਲੱਗਿਆ ਹੈ।
ਪੁਰੋਹਿਤ ਨੇ ਅਧਿਕਾਰੀਆਂ ਨੂੰ ਖੁੱਲ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੰਤਰੀਆਂ ਨੂੰ ਸਹੀ ਜਾਣਕਾਰੀ ਦੇਣਾ ਉਨਾਂ ਦਾ ਕੰਮ ਹੈ। ਇਸੀ ਤਰਾਂ ਮੰਤਰੀਆਂ ਨੂੰ ਵੀ ਅਧਿਕਾਰੀਆਂ ਉਤੇ ਭਰੋਸਾ ਕਰਨਾ ਚਾਹੀਦਾ ਹੈ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਕਰਨ ਨਾਲ ਕਦੇ ਵੀ ਥਕਾਵਟ ਨਹੀਂ ਹੁੰਦੀ। ਚੰਗਾ ਕੰਮ ਕਰਕੇ ਤੁਸੀਂ ਖੁਦ ਚਮਕੋ, ਪੰਜਾਬ ਨੂੰ ਵੀ ਚਮਕਾਓ, ਇਸ ਨਾਲ ਦੇਸ਼ ਚਮਕੇਗਾ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ.ਕੇ.ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਭਾਜਪਾ ਨੇਤਾ ਵਿਨੀਤ ਜੋਸ਼ੀ, ਪਤਵੰਤੇ ਸੱਜਣ ਤੇ ਕੁੱਝ ਪੱਤਰਕਾਰ ਹਾਜ਼ਰ ਸਨ।