ਚੰਡੀਗੜ੍ਹ, 29 ਜੁਲਾਈ (ਖ਼ਬਰ ਖਾਸ ਬਿਊਰੋੋ)
ਪੰਜਾਬ ਸਰਕਾਰ ਵਲੋਂ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ ਪਰ ਦਿਲਚਸਪ ਗੱਲ ਹੈ ਕਿ ਇਸ ਵਿਦਾਇਗੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਹਿੱਸਾ ਨਹੀਂ ਹੋਣਗੇ। ਮੁੱਖ ਮੰਤਰੀ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਹੋਣਗੇ ਪਰ ਮੁੱਖ ਮੰਤਰੀ ਦੀ ਤਰਫੋਂ ਸਰਕਾਰ ਵਿਚ ਨੰਬਰ ਦੋ ਦੇ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਲ ਹੋਣਗੇ।
ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੰਗਲਵਾਰ ਸ਼ਾਮ ਤੱਕ ਸੂਬੇ ਦੀ ਰਾਜਧਾਨੀ ਪੁੱਜ ਜਾਣਗੇ ਅਤੇ ਉਹ 31 ਜੁਲਾਈ ਨੂੰ ਰਾਜਪਾਲ ਵਜੋਂ ਹਲਫ਼ ਲੈਣਗੇ। ਨਵੇਂ ਰਾਜਪਾਲ ਦੇ ਹਲਫ਼ ਸਮਾਰੋਹ ਵਿਚ ਮੁੱਖ ਮੰਤਰੀ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ।ਮੁੱਖ ਮੰਤਰੀ ਭਗਵੰਤ ਮਾਨ ਦੇ ਮੰਗਲਵਾਰ ਨੂੰ ਬਨਵਾਰੀ ਲਾਲ ਪੁਰੋਹਿਤ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਲ ਨਾ ਹੋਣ ਉਤੇ ਸਪਸ਼ਟ ਹੋ ਗਿਆ ਹੈ ਕਿ ਦੋਵਾਂ ਦੇ ਦਿਲਾਂ ਵਿਚ ਪਈ ਤਰੇੜ ਅਤੇ ਜੱਟਾਂ ਵਾਲੀ ਹਿੰਡ ਬਰਕਰਾਰ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਤਰਫੋਂ ਰਾਜ ਭਵਨ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਤੈਅ ਕੀਤਾ ਹੈ। ਇਸ ਵਿ੍ਚ ਮੁੱਖ ਮੰਤਰੀ ਦੀ ਥਾਂ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਿਰਕਤ ਕਰਨਗੇ ਕਿਉਂਕਿ ਕੱਲ੍ਹ ਜੰਤਰ-ਮੰਤਰ ਵਿਖੇ ਇੰਡੀਆ ਗਠਜੋੜ ਦੀ ਤਰਫੋਂ ਵਿਰੋਧ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਤਰੀ ਸ਼ਾਮਲ ਹੋਣ ਲਈ ਦਿੱਲੀ ਜਾ ਰਹੇ ਹਨ। ਪਤਾ ਲੱਗਿਆ ਹੈ ਕਿ ਜੰਤਰ ਮੰਤਰ ਵਿਖੇ ਧਰਨਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਅਤੇ ਜੇਲ੍ਹ ਵਿੱਚ ਉਨ੍ਹਾਂ ਦੀ ਵਿਗੜਦੀ ਰਹੀ ਸਿਹਤ ਕਾਰਨ ਲਗਾਇਆ ਜਾ ਰਿਹਾ ਹੈ।
ਇਹ ਇਤਫ਼ਾਕ ਹੈ ਜਾਂ ਫਿਰ ਰਾਜਸੀ ਚਾਲ ਕਿ ਜਦੋਂ ਰਾਜ ਭਵਨ ਵਿਖੇ ਰਾਜਪਾਲ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਵੇਗੀ ਤਾਂ ਸੂਬੇ ਦੇ ਮੁੱਖ ਮੰਤਰੀ ਸੂਬੇ ਦੀ ਰਾਜਧਾਨੀ ਦੀ ਬਜਾਏ ਦੇਸ਼ ਦੀ ਰਾਜਧਾਨੀ ਵਿਖੇ ਹੋਣਗੇ। ਪੁਰੋਹਿਤ ਕਰੀਬ ਤਿੰਨ ਸਾਲ ਪੰਜਾਬ ਦੇ ਰਾਜਪਾਲ ਰਹੇ ਹਨ। ਲਗਭਗ ਦੋ ਸਾਲਾਂ ਤੋਂ ਸੂਬੇ ਦੀਆਂ ਦੋਵੇਂ ਸਖਸ਼ੀਅਤਾਂ ਵਿਚ 36 ਦਾ ਅੰਕੜਾ ਚੱਲ ਰਿਹਾ ਹੈ।
ਇਸ ਕਾਰਨ ਸ਼ੁਰੂ ਹੋਇਆ ਸੀ ਵਿਵਾਦ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਉਪ ਕੁਲਪਤੀ (VC)ਦੀ ਨਿਯੁਕਤੀ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਵਿਧਾਨ ਸਭਾ ਸੈਸ਼ਨ ਬੁਲਾਉਣ, ਬਿੱਲ ਪਾਸ ਨਾ ਕਰਨ, ਅਧਿਆਪਕਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ , ਸਰਹੱਦੀ ਜ਼ਿਲਿਆਂ ਦੇ ਦੌਰੇ ਕਾਰਨ ਵੱਧਦਾ ਗਿਆ। ਮੁੱਖ ਮੰਤਰੀ ਅਤੇ ਰਾਜ ਭਵਨ ਵਿਚਾਲੇ ਕਈ ਚਿੱਠੀਆਂ ਦਾ ਅਦਾਨ-ਪ੍ਰਦਾਨ ਹੋਇਆ। ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਖਿਚੋਤਾਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ।
ਪੁਰੋਹਿਤ ਨੇ ਪਿਛਲੇ ਡੇਢ ਸਾਲ ਵਿੱਚ ਸਰਹੱਦੀ ਜ਼ਿਲ੍ਹਿਆਂ ਦੇ ਸੱਤ ਦੌਰੇ ਕੀਤੇ, ਜਿਨ੍ਹਾਂ ਵਿੱਚ ਨਸ਼ੇ, ਨਾਜਾਇਜ਼ ਮਾਈਨਿੰਗ ਵਰਗੀਆਂ ਕਈ ਸਮੱਸਿਆਵਾਂ ਨੂੰ ਸਰਕਾਰ ਨੂੁੰ ਆੜੇ ਹੱਥੀ ਲਿਆ। ਮੁੱਖ ਮੰਤਰੀ ਨੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਰਾਜਪਾਲ ‘ਤੇ ਵਿਅੰਗ ਵੀ ਕੀਤਾ। ਰਾਜਪਾਲ ਨੂੰ ਹਟਾਉਣ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਅਜਿਹਾ ਹੀ ਵਿਅੰਗ ਕੱਸਿਆ ਸੀ, ਜਿਸ ਦਾ ਜਵਾਬ ਉਨ੍ਹਾਂ ਪ੍ਰੈਸ ਕਾਨਫਰੰਸ ਰਾਹੀਂ ਦਿੱਤਾ ਸੀ। ਦੋਵੇਂ ਵੱਡੇ ਆਗੂਆਂ ਤੇ ਕਹਾਵਤ “ਰੱਸੀ ਜਲ ਗਈ ਪਰ ਵੱਟ ਨਾ ਗਿਆ” , ਪੂਰੀ ਢੁੱਕਦੀ ਹੈ।ਸ਼ਾਇਦ ਪੁਰੋਹਿਤ ਸੂਬੇ ਦੇ ਪਹਿਲੇ ਰਾਜਪਾਲ ਹੋਣਗੇ ਜੋ ਮੁੱਖ ਮੰਤਰੀ ਨਾਲ ਰੰਜ਼ ਲੈ ਕੇ ਰਾਜ ਭਵਨ ਤੋਂ ਵਿਦਾ ਹੋਣਗੇ।