ਨਵੀਂ ਦਿੱਲੀ, 18 ਅਪ੍ਰੈਲ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਅੱਜ ਦੇਵਨਗਰ ਵਾਰਡ ਦੇ ਕੌਂਸਲਰ ਮਹੇਸ਼ ਖਿਚੀ ਨੂੰ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਮੇਅਰ ਚੋਣ ਲਈ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਆਗੂ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਮਨ ਵਿਹਾਰ ਦੇ ਕੌਂਸਲਰ ਰਵਿੰਦਰ ਭਾਰਦਵਾਜ ਡਿਪਟੀ ਮੇਅਰ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਸਾਲ ਐੱਮਸੀਡੀ ਮੇਅਰ ਰਾਖਵੀਂ ਸ਼੍ਰੇਣੀ ਦੇ ਕੌਂਸਲਰਾਂ ਵਿੱਚੋਂ ਚੁਣਿਆ ਜਾਵੇਗਾ। ਰਾਏ ਨੇ ਕਿਹਾ ਕਿ ਖਿਚੀ 2012 ‘ਚ ਆਪਣੀ ਸਥਾਪਨਾ ਤੋਂ ਹੀ ‘ਆਪ’ ਨਾਲ ਜੁੜੇ ਹਨ। ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਦੋਵੇਂ ਉਮੀਦਵਾਰ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਦਿੱਲੀ ਨਗਰ ਨਿਗਮ ਵਿੱਚ ‘ਆਪ’ ਦੇ 250 ਵਿੱਚੋਂ 134 ਕੌਂਸਲਰ ਹਨ, ਜਿਸ ਕਾਰਨ ਦੋਵਾਂ ਉਮੀਦਵਾਰਾਂ ਲਈ ਚੋਣ ਰਸਤਾ ਮੁਸ਼ਕਲ ਹੁੰਦਾ ਨਜ਼ਰ ਨਹੀਂ ਆ ਰਿਹਾ। ਨਗਰ ਨਿਗਮ ਵਿੱਚ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ 104 ਕੌਂਸਲਰ ਹਨ। 26 ਅਪਰੈਲ ਨੂੰ ਕੌਂਸਲਰਾਂ ਦੀ ਮੀਟਿੰਗ ਵਿੱਚ ਮੇਅਰ ਦੀ ਚੋਣ ਕੀਤੀ ਜਾਵੇਗੀ।