ਰਾਜਪਾਲ ਦੀ ਇੱਛਾ ਕਿਉਂ ਰਹੇਗੀ ਅਧੂਰੀ ਤੇ ਕਿਉਂ ਦਿੱਤਾ ਸੀ ਅਸਤੀਫ਼ਾ, ਪੜ੍ਹੋ

ਚੰਡੀਗੜ੍ਹ,27 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦਾ ਮਨ ਪੰਜਾਬ ਨੇ ਮੋਹ ਲਿਆ ਹੈ।  ਰਾਜਪਾਲ ਨੂੰ ਪੰਜਾਬ ਚੰਗਾ ਲੱਗਦਾ । ਉਹ ਹੁਣ ਨਾਗਪੁਰ ਨਹੀਂ ਜਾਣਾ ਚਾਹੁੰਦੇ।ਉਹ ਹਮੇਸ਼ਾ -ਹਮੇਸ਼ਾ ਲਈ ਪੰਜਾਬ ਰਹਿਣਾ ਚਾਹੁੰਦੇ ਹਨ। ਰਾਜਪਾਲ ਦੱਸਦੇ ਹਨ ਕਿ ਉਹਨਾਂ ਨੂੰ ਪੰਜਾਬ ਬਹੁਤ ਪਸੰਦ ਹੈ। ਉਹ ਵੀ ਕਿਸਾਨ ਹਨ, ਇਥੇ ਦੇ ਹਰੇ ਭਰੇ ਖੇਤ, ਲਹਿਰਾਉਂਦੀਆਂ ਫਸਲਾਂ ਉਹ ਦੇਖਣਾ ਚਾਹੁੰਦੇ ਹਨ। ਉਹ ਪੰਜਾਬ ਰਹਿਣਾ ਚਾਹੁੰਦੇ ਹਨ, ਪਰ ਰਹਿ ਨਹੀਂ ਸਕਦੇ। ਇਹ ਨਹੀਂ ਕਿ ਉਹਨਾਂ ਕੋਲ ਫਲੈਟ ਖਰੀਦਣ ਲਈ ਪੈਸੇ ਨਹੀਂ ਹਨ। ਰਾਜਪਾਲ ਕਹਿੰਦੇ ਹਨ ਕਿ ਉਹਨਾਂ ਕੋਲ ਫਲੈਟ ਖਰੀਦਣ ਜੋਗੇ ਪੈਸੇ ਹਨ, ਪਰ ਉਨਾਂ ਦੀ ਧਰਮ ਪਤਨੀ ਨਾਗਪੁਰ ਰਹਿਣਾ ਚਾਹੁੰਦੀ ਹੈ। ਇਸ ਕਰਕੇ  ਰਾਜਪਾਲ ਦੀ ਇੱਛਾ ਪੂਰੀ ਹੋਣ ਵਾਲੀ ਨਹੀਂ ਹੈ। ਰਾਜਪਾਲ ਸ਼ੁ੍ੱਕਰਵਾਰ ਨੂੰ ਰਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰਾਜਪਾਲ ਨੇ ਮੁੜ ਦਹੁਰਾਇਆ ਕਿ ਉਹ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਵਰਤਣਗੇ। ਉਹਨਾਂ ਨੂੰ ਕਾਰ ਵਿਚ ਸਫ਼ਰ ਕਰਨਾ ਚੰਗਾ ਲੱਗਦਾ ਹੈ। ਗੱਡੀ ਵਿਚ ਸਫ਼ਰ ਕਰਦੇ ਹੋਏ ਖੇਤ ਅਤੇ ਫਸਲਾੰ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਚੇਤੇ ਰਹੇ ਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਉਤੇ ਸਰਕਾਰ ਦਾ ਹੈਲੀਕਾਪਟਰ ਵਰਤਣ ਅਤੇ ਉਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਰਾਜਪਾਲ ਨੇ ਸਰਕਾਰ ਦਾ ਹੈਲੀਕਾਪਟਰ ਵਰਤਣ ਤੋਂ ਸਾਫ਼ ਮਨਾ ਕਰ ਦਿੱਤਾ ਸੀ। ਰਾਜਪਾਲ ਹੁਣ ਪੰਜਾਬ ਦਾ ਦੌਰਾ ਸੜ੍ਹਕ ਰਾਹੀਂ ਹੀ ਕਰਦੇ ਹਨ।
ਰਾਜਪਾਲ ਨੇ ਸਰਹੱਦੀ ਜਿਲਿਆਂ ਦੇ ਕੀਤੇ ਦੌਰੇ ਬਾਰੇ ਦੱਸਿਆ ਕਿ ਡਰੱਗ ਇੱਕ ਵੱਡੀ ਸਮੱਸਿਆ ਹੈ। ਇਹ ਸਮੱਸਿਆ ਹੁਣ ਸਕੂਲਾਂ ਤੱਕ ਪਹੁੰਚ ਗਈ ਹੈ। ਉਨਾਂ ਕਿਹਾ ਕਿ ਉਹ ਸੰਵਿਧਾਨਿਕ ਫਰਜ਼ਾ ਨਿਭਾ ਰਹੇ ਹਨ ਅਤੇ  ਭਵਿੱਖ ਵਿੱਚ ਵੀ ਆਪਣਾ ਦੌਰਾ ਜਾਰੀ ਰੱਖਣਗੇ । ਰਾਜਪਾਲ ਨੇ ਦੱਸਿਆ ਕਿ ਉਹਨਾਂ ਦੇ ਦੌਰੇ ਸਬੰਧੀ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਜਾਣਕਾਰੀ ਹੁੰਦੀ ਹੈ ਅਤੇ ਉਹ ਬਕਾਇਦਾ ਆਪਣੇ ਦੌਰੇ ਦੀ ਪੂਰੀ ਰਿਪੋਰਟ ਵੀ ਇਹਨਾਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਭੇਜਦੇ ਹਨ।
ਇਸ ਕਰਕੇ ਦਿੱਤਾ ਸੀ ਅਸਤੀਫਾ 
ਕੁੱਝ ਮਹੀਨੇ ਪਹਿਲਾਂ ਦਿੱਤੇ ਅਸਤੀਫ਼ੇ ਬਾਰੇ ਰਾਜਪਾਲ ਨੇ ਮੀਡੀਆ ਨੂੰ ਸਪਸ਼ਟ ਕੀਤਾ ਹੈ। ਰਾਜਪਾਲ ਨੇ ਦੱਸਿਆ ਕਿ ਉਹਨਾਂ ਨੂੰ ਲੱਗਿਆ ਕਿ ਮੁੱਖ ਮੰਤਰੀ ਚੰਗਾ ਨਹੀਂ ਸਮਝਦੇ, ਜਿਸ ਕਰਕੇ ਅਸਤੀਫਾ ਦੇ ਦਿੱਤਾ ਪਰ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਤਾਂ ਉਹ ਕੀ ਕਰ ਸਕਦੇ ਹਨ ।
ਮੁੱਖ ਮੰਤਰੀ ਦੀ ਕੀਤੀ ਪ੍ਰਸ਼ੰਸਾ 
ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਪੁਲਿਸ ਦੇ ਕਰੀਬ 10 ਹਜਾਰ ਮੁਲਾਜ਼ਮਾਂ ,ਅਧਿਕਾਰੀਆਂ ਨੂੰ ਇਧਰ ਉਧਰ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਰਾਜਪਾਲ ਨੇ ਦੱਸਿਆ ਕਿ  ਸਰਹੱਦੀ ਜਿ਼ਲਿਆ ਦੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪੁਲਿਸ ਵਾਲੇ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ। ਜੇਕਰ ਮੁੱਖ ਮੰਤਰੀ ਨੇ ਪੁਲਿਸ ਤੇ ਡਰੱਗ ਤਸਕਰਾਂ ਦੀ ਚੈਨ ਤੋੜਨ ਲਈ ਅਜਿਹਾ ਕੀਤਾ (ਬਦਲੀਆਂ) ਤਾਂ ਚੰਗੀ ਗੱਲ ਹੈ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਚੰਗੇ ਕੰਮ ਦੀ ਸ਼ਲਾਘਾ ਵੀ ਕਰਨਗੇ ਅਤੇ ਜਿੱਥੇ  ਗਲਤ ਹੋਇਆ ਉਥੇ ਸੰਵਿਧਾਨ ਮੁਤਾਬਕ ਚੱਲਣ ਲਈ ਕਹਿਣਗੇ।
ਰਾਜਪਾਲ ਨੇ ਕਿਹਾ ਕਿ ਸਰਹੱਦੀ ਜਿਲਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ ਜਿਸ ਕਰਕੇ ਉਹਨਾਂ ਨੇ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹਨ। ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਾ ਰੋਕਣ ਲਈ ਪਿੰਡਾਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਉਨਾਂ ਕਿਹਾ ਕਿ ਜੋ ਡ੍ਰੋਨ ਫੜਾਏਗਾ ਉਸਨੂੰ ਵੀ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਦੇ ਹਰੇਕ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਪਿੰਡ ਵਿੱਚ ਕੌਣ ਕੀ ਕਰ ਰਿਹਾ ਹੈ ਇਹਨਾਂ ਕਮੇਟੀਆਂ ਬਣਾਉਣ ਦਾ ਮਕਸਦ ਵੀ ਇਹੀ ਹੈ।
ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

One thought on “ਰਾਜਪਾਲ ਦੀ ਇੱਛਾ ਕਿਉਂ ਰਹੇਗੀ ਅਧੂਰੀ ਤੇ ਕਿਉਂ ਦਿੱਤਾ ਸੀ ਅਸਤੀਫ਼ਾ, ਪੜ੍ਹੋ

Leave a Reply

Your email address will not be published. Required fields are marked *