ਜਲੰਧਰ 27 ਜੁਲਾਈ (ਖ਼ਬਰ ਖਾਸ ਬਿਊਰੋ)
ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਵਿਪਲ ਕੁਮਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਅੱਜ ਜਲੰਧਰ ਲੋਕ ਸਭਾ ਦੀ ਲੀਡਰਸ਼ਿਪ ਦੇ ਨਾਲ ਵਿਚਾਰ ਮੰਥਨ ਮੀਟਿੰਗ ਕੀਤੀ। ਪਾਰਟੀ ਦੇ ਜਥੇਬੰਦਕ ਢਾਂਚੇ ਉਤੇ ਨਜ਼ਰਸਾਨੀ ਕਰਦੇ ਹੋਏ ਆਗੂਆਂ ਨੇ ਲੀਡਰਸ਼ਿਪ ਨੂੰ ਸੰਗਠਨ ਦੇ ਨਵਨਿਰਮਾਣ ਦੇ ਕੰਮ ਤੇ ਜੁੱਟ ਜਾਣ ਦਾ ਸੱਦਾ ਦਿੱਤਾ।
ਇਸ ਮੌਕੇ ਜਲੰਧਰ ਦਿਹਾਤੀ ਦਾ ਪ੍ਰਧਾਨ ਜਗਦੀਸ਼ ਸ਼ੇਰਪੁਰੀ ਅਤੇ ਜਲੰਧਰ ਸ਼ਹਿਰੀ ਦਾ ਪ੍ਰਧਾਨ ਸਲਵਿੰਦਰ ਕੁਮਾਰ ਨੂੰ ਨਿਯੁਕਤ ਕੀਤਾ ਅਤੇ 10 ਅਗਸਤ ਤੱਕ ਜਲੰਧਰ ਜਿਲ੍ਹੇ ਦੀ ਕਾਰਜਕਾਰਨੀ ਅਤੇ ਨੌ ਵਿਧਾਨ ਸਭਾ ਹਲਕਿਆਂ ਦੇ ਢਾਂਚੇ ਦੀ ਸਮੀਖਿਆ ਕਰਕੇ ਨਵਨਿਰਮਾਣ ਦਾ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਵਿਪਲ ਕੁਮਾਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਮਜਬੂਤ ਸੰਗਠਨ ਦਾ ਨਿਰਮਾਣ ਕਰਨਾ ਸਾਡਾ ਪਹਿਲਾ ਉਦੇਸ਼ ਹੈ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਹਮੇਸ਼ਾ ਅਨੁਸੂਚਿਤ ਜਾਤੀ, ਪਿਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾ ਨਾਲ ਧੱਕਾ ਤੇ ਧੋਖਾ ਕੀਤਾ ਹੈ। ਜਿਸ ਦੀ ਤਾਜ਼ਾ ਉਦਾਹਰਣ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਲੀਮੈਂਟ ਵਿੱਚ ਦਿੱਤਾ ਬਿਆਨ ਹੈ ਜਿਸ ਵਿੱਚ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਰਿਜਰਵੇਸ਼ਨ ਨੀਤੀ ਬਣਾਈ ਹੈ।
ਗੜੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ 20ਸਤੰਬਰ 1932 ਨੂੰ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲੇ ਦੋਹਰੇ ਵੋਟ ਦੇ ਅਧਿਕਾਰ ਖਿਲਾਫ ਕਾਂਗਰਸ ਦੇ ਲੀਡਰਾਂ ਨੇ ਪੂਨਾ ਦੀ ਯਰਵਦਾ ਜੇਲ ਵਿੱਚ ਮਰਨ ਵਰਤ ਕਿਉਂ ਰੱਖਿਆ ਅਤੇ ਅਨੁਸੂਚਿਤ ਜਾਤੀਆਂ ਕੋਲੋਂ ਦੋਹਰੇ ਵੋਟ ਦਾ ਅਧਿਕਾਰ ਖੋਹਿਆ ਜਿਸ ਨੂੰ ਬਾਬਾ ਸਾਹਿਬ ਅੰਬੇਡਕਰ ਤਿੰਨ ਗੋਲਮੇਜ ਕਾਨਫਰੰਸਾਂ ਦੀ ਵਿਚਾਰ ਚਰਚਾ ਅਤੇ ਕਾਂਗਰਸ ਨਾਲ ਲੜਾਈ ਕਰਨ ਤੋਂ ਬਾਅਦ ਲੈ ਕੇ ਆਏ ਸਨ। ਸਾਲ 1946ਵਿੱਚ ਕਾਂਗਰਸ ਦੇ ਲੀਡਰਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਸੰਵਿਧਾਨ ਸਭਾ ਵਿੱਚ ਹਰਾਉਣ ਦੇ ਲਈ ਇੰਨੇ ਪ੍ਰਬੰਧ ਕੀਤੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਪਿਤਰੀ ਸੂਬਾ ਮਹਾਰਾਸ਼ਟਰ ਛੱਡਕੇ ਬੰਗਾਲ ਦੀ ਜੈਸੁਰ ਖੁਲਣਾ ਸੀਟ ਤੋਂ ਜਾਕੇ ਮੈਂਬਰ ਬਣਨਾ ਪਿਆ, ਜਿੱਥੋਂ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਲਈ ਕਾਂਗਰਸ ਨੇ ਟਿਲ ਦਾ ਜ਼ੋਰ ਲਾਇਆ ਸੀ।
ਗੜੀ ਨੇ ਕਿਹਾ ਕਿ ਚੰਨੀ ਇਸ ਗੱਲ ਦਾ ਵੀ ਉੱਤਰ ਦੇਵੇ ਕਿ 1947ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜੈਸੁਰ ਖੁਲਨਾ ਸੀਟ ਭਾਰਤ ਵੰਡ ਵੇਲੇ ਪਾਕਿਸਤਾਨ ਦੇ ਹਿੱਸੇ ਕਿਉਂ ਦਿੱਤੀ ਗਈ, ਜਦੋਂ ਕਿ ਜੈਸੁਰ ਖੁੱਲਨਾ ਇਲਾਕੇ ਵਿੱਚ ਹਿੰਦੂਆਂ ਦੀ ਅਬਾਦੀ 58% ਸੀ। ਗੜੀ ਨੇ ਕਿਹਾ ਕਿ ਚੰਨੀ ਇਸ ਗੱਲ ਦਾ ਉੱਤਰ ਦੇਵੇ ਕਿ 1952 ਅਤੇ 1954 ਲੋਕ ਸਭਾ ਦੀਆਂ ਚੋਣਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਖਿਲਾਫ ਉਮੀਦਵਾਰ ਕਿਉਂ ਦਿੱਤੇ ਅਤੇ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਕਿਉਂ ਹਰਾਇਆ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਬਾਬਾ ਸਾਹਿਬ ਅੰਬੇਡਕਰ ਦੀ ਮਿਰਤਕ ਦੇਹ ਦਿੱਲੀ ਤੋਂ ਚੁੱਕਕੇ ਮਹਾਰਾਸ਼ਟਰ ਕਿਉ ਭੇਜੀ, ਦਿੱਲੀ ਅੰਤਿਮ ਸੰਸਕਾਰ ਕਿਉਂ ਨਹੀਂ ਕੀਤਾ, ਜਿੱਥੇ ਨਹਿਰੂ ਗਾਂਧੀ ਤੇ ਇੰਦਰਾ ਦੀਆਂ ਸਮਾਰਕਾਂ ਬਣੀਆਂ ਹੋਈਆਂ ਹਨ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਉਨਾਂ ਦੀ ਮੌਤ ਤੋਂ ਬਾਅਦ 1989 ਤੱਕ, 33 ਸਾਲ ਬੀਤਣ ਤੱਕ ਭਾਰਤ ਰਤਨ ਕਿਉਂ ਨਹੀਂ ਦਿੱਤਾ? ਕਾਂਗਰਸ ਇਸ ਗੱਲ ਦਾ ਉੱਤਰ ਦੇਵੇ ਕਿ ਭਾਰਤ ਦਾ ਦੂਸਰਾ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਨੂੰ ਭਾਰਤ ਰਤਨ ਕਿਉਂ ਨਹੀਂ ਦਿੱਤਾ ਜਦੋਂ ਕਿ ਉਹਨਾਂ ਦੀ ਮੌਤ 2006 ਵਿੱਚ ਹੋਈ ਸੀ ਅਤੇ ਕਾਂਗਰਸ ਦੀ ਕੇਂਦਰ ਯੂਪੀਏ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ? ਕਾਂਗਰਸ ਇੰਨੀ ਦਲਿਤ ਵਿਰੋਧੀ ਹੈ ਕਿ ਸਾਹਿਬ ਕਾਂਸ਼ੀ ਰਾਮ ਜੀ ਦੀ ਮੌਤ ਤੇ ਪੰਜਾਬ ਅਤੇ ਦੇਸ਼ ਵਿੱਚ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਰਾਸ਼ਟਰੀ ਸੋਗ ਨਹੀਂ ਘੋਸ਼ਿਤ ਕੀਤਾ ਗਿਆ।
ਗੜੀ ਨੇ ਪੰਜਾਬ ਦੇ ਅਨੁਸੂਚਿਤ ਜਾਤੀ ਵਰਗਾਂ ਪਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਨੂੰ ਅਪੀਲ ਕੀਤੀ ਕਿ ਚੰਨੀ ਵਰਗੇ ਚੇਹਰੇ ਕਾਂਗਰਸ ਦੇ ਦਿੱਤੇ ਹੋਏ ਗਰੀਬ ਵਰਗਾਂ ਲਈ ਨਕਲੀ ਲੀਡਰ ਹਨ ਜੋ ਵੋਟਾਂ ਤਾਂ ਬਟੋਰ ਸਕਦੇ ਹਨ ਲੇਕਿਨ ਬਹੁਜਨ ਸਮਾਜ ਦਾ ਕੁਝ ਸਵਾਰ ਨਹੀਂ ਸਕਦੇ। ਜੇਕਰ ਪੰਜਾਬ ਦੇ ਗਰੀਬ ਵਰਗ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਕੁਝ ਸਵਾਰਨਾ ਚਾਹੁੰਦੇ ਹਨ ਤਾਂ ਬਹੁਜਨ ਸਮਾਜ ਪਾਰਟੀ ਦੇ ਸੰਗਠਨ ਵਿੱਚ ਆਕੇ ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਸੂਬਾ ਸਕੱਤਰ ਤੀਰਥ ਰਾਜਪੁਰਾ ਸੂਬਾ ਕੈਸ਼ੀਅਰ ਪਰਮਜੀਤ ਮੱਲ, ਸੂਬਾ ਦਫਤਰ ਸਕੱਤਰ ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਜਿਲਾ ਪ੍ਰਧਾਨ ਸ਼ਹਿਰੀ ਸਲਵਿੰਦਰ ਕੁਮਾਰ ਹਾਜਰ ਸਨ।