ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ, ਮੁੱਖ ਮੰਤਰੀ ਦੀ ਵੱਡੀ ਸਿਆਸੀ ਭੁੱਲ

ਚੰਡੀਗੜ੍ਹ 26 ਜੁਲਾਈ, (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਖਾਸਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਅਯੋਗ ਦੀ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ। ਸਿਆਸੀ ਤੌਰ ਉਤੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਨੂੰ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਕਿੰਨਾ ਲਾਭ ਹੋਵੇਗਾ, ਇਹ ਤਾਂ ਸਮੇਂ ਦੇ ਗਰਭ ਵਿਚ ਹੈ, ਪਰ ਸਾਡਾ ਮੰਨਣਾ ਹੈ ਕਿ ਮੁੱਖ ਮੰਤਰੀ ਦੀ ਇਹ ਵੱਡੀ ਸਿਆਸੀ ਭੁੱਲ ਹੈ, ਜੋ ਪੰਜਾਬ ਦੇ ਵਡੇਰੇ ਹਿਤ ਵਿਚ ਨਹੀਂ ਹੈ। ਮੁੱਖ ਮੰਤਰੀ ਦਾ ਇਹ ਫੈਸਲਾ ਉਹਨਾਂ ਦੇ ਰੰਗਲੇ ਪੰਜਾਬ ਬਣਾਉਣ ਦੇ ਸੁਪਨੇ ਉਤੇ ਪਾਣੀ ਫੇਰ ਦੇਵੇਗਾ।
ਮੁੱਖ ਮੰਤਰੀ ਵਲੋਂ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਮੁੱਖ ਮੰਤਰੀ ਦੇ ਇਸ ਫੈਸਲੇ ਨੂੰ ਗਲਤ ਦੱਸਦੇ ਹੋਏ ਪੰਜਾਬ ਦੇ ਭਵਿੱਖ ਲਈ ਮੀਟਿੰਗ ਵਿੱਚ ਸ਼ਾਮਿਲ ਹੋਣ ਦਾ ਸੁਝਾਅ ਦਿੱਤਾ ਹੈ।

ਸਮਾਜਿਕ ਸਾਸ਼ਤਰੀਆਂ, ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਨੇ ਮੀਟਿੰਗ ਦਾ ਬਾਈਕਾਟ ਕਰਕੇ ਇੱਕ ਵੱਡੀ ਗਲਤੀ ਅਤੇ ਭੁੱਲ ਕੀਤੀ ਹੈ। ਇਹ ਗੱਲ ਸੱਚ ਹੈ ਕਿ

ਕੇਂਦਰ ਸਰਕਾਰ ਪੰਜਾਬ ਨਾਲ ਵਖਰੇਵਾਂ ਕਰ ਰਹੀ ਹੈ, ਪੰਜਾਬ ਨੂੰ ਉਸਦੇ ਹਿੱਸੇ ਮੁਤਾਬਿਕ ਫੰਡ ਨਹੀਂ ਦਿੱਤੇ ਜਾ ਰਹੇ। ਕੇਂਦਰੀ ਸਕੀਮਾਂ ਤਹਿਤ ਮਿਲਣ ਵਾਲੇ ਫੰਡ ਰੋਕੇ ਜਾ ਰਹੇ ਹਨ। ਸੂਬੇ ਵਿਚ ਭਾਜਪਾ  ਵਿਰੋਧੀ ਸਰਕਾਰ ਹੋਣ ਦੇ ਨਾਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਨੂੰ ਆਪਣਾ ਪੱਖ ਰੱਖਣ ਲਈ ਮੀਟਿੰਗ ਵਿਚ ਹਾਜ਼ਰੀ ਭਰਨੀ ਚਾਹੀਦੀ ਸੀ। ਜਿੱਥੇ ਤੱਕ ਨੀਤੀ ਆਯੋਗ ਦੀ ਮੀਟਿੰਗ ਦਾ ਸਵਾਲ ਹੈ ਇਹ ਉਹ ਮੰਚ ਹੈ ਜਿੱਥੇ ਵੱਖ -ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤਰਕ ਦੇ ਅਧਾਰ ਤੇ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦਾ ਬਾਈਕਾਟ ਕਰਕੇ ਇਹ ਮੌਕਾ ਗਵਾ ਲਿਆ ਹੈ। ਚੰਗੀ ਗੱਲ ਹੁੰਦੀ ਕਿ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਿਲ ਹੁੰਦੇ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਾਹਮਣੇ  ਤਰਕ ਅਤੇ ਬੇਵਾਕੀ ਨਾਲ ਕੇਂਦਰ ਸਰਕਾਰ ਅੱਗੇ ਆਪਣਾ ਪੱਖ ਰੱਖਦੇ।
ਦੂਜੀ ਗੱਲ ਜੇਕਰ ਮੀਟਿੰਗ ਦਾ ਬਾਈਕਾਟ ਕਰਨਾ ਸੀ ਤਾਂ ਮੁੱਖ ਮੰਤਰੀ ਆਪਣੀ ਗੱਲ ਮੀਟਿੰਗ ਵਿਚ ਕਹਿਕੇ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਰੋਸ ਵਜੋਂ ਮੀਟਿੰਗ ਵਿਚੋਂ ਬਾਈਕਾਟ ਕਰਕੇ ਆਉਂਦੇ। ਇਸ ਨਾਲ ਕੌਮੀ ਪੱਧਰ ਉਤੇ ਮੁੱਖ ਮੰਤਰੀ ਆਪਣੀ ਗੱਲ ਰੱਖ ਸਕਦੇ ਹਨ। ਪਰ  ਮੁੱਖ ਮੰਤਰੀ ਨੇ ਇਹ ਮੌਕਾ ਗਵਾ ਲਿਆ ਹੈ ਅਤੇ ਮੁੱਖ ਮੰਤਰੀ ਦੀ ਇਹ ਵੱਡੀ ਸਿਆਸੀ ਭੁੱਲ ਹੈ।
ਚੀਮਾ ਨੇ ਕੀ ਕਿਹਾ-
ਅਕਾਲੀ ਦਲ ਨੇ ਕਿਹਾ ਮੁੱਖ ਮੰਤਰੀ ਦਾ ਇਹ ਫੈਸਲਾ ਸੂਬੇ ਦੇ ਹਿੱਤਾਂ ਲਈ ਆਤਮਘਾਤੀ ਹੋਵੇਗਾ। ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨੀਤੀ ਆਯੋਗ ਮੀਟਿੰਗ ਇੱਕ ਅਜਿਹਾ ਮੰਚ ਹੈ ਜਿਸ ਵਿੱਚ ਰਾਜ ਕੇਂਦਰ ਦੀਆਂ ਵੱਖ-ਵੱਖ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹਨ।
ਬਾਜਵਾ ਨੇ ਵੀ ਇਹ ਕਿਹਾ
ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ ਇੱਕ ਅਜਿਹਾ ਮੰਚ ਹੈ, ਜਿਸ ‘ਤੇ ਮੁੱਖ ਮੰਤਰੀ ਪੰਜਾਬ ਦਾ ਪੱਖ ਪੇਸ਼ ਕਰ ਸਕਦੇ ਹਨ, ਪਰ ਉਹ ਪੰਜਾਬ ਦੇ ਲੋਕਾਂ ਨੂੰ ਇਸ ਮੌਕੇ ਤੋਂ ਵਾਂਝੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਲਈ ਮੁੱਖ ਮੰਤਰੀ ਨੂੰ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਮਾਨ ਨੂੰ ਸਲਾਹ ਦਿੱਤੀ ਕਿ ਉਹ ਸਿਆਸੀ ਪਰਿਪੱਕਤਾ ਦਿਖਾਉਣ ਅਤੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਪੰਜਾਬ ਦੀਆਂ ਮੰਗਾਂ ਨੂੰ ਪੂਰੀ ਤਾਕਤ ਨਾਲ ਉਠਾਉਣ।
ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

Leave a Reply

Your email address will not be published. Required fields are marked *