ਚੰਡੀਗੜ੍ਹ 25 ਜੁਲਾਈ (ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਉਪ ਚੋਣ ਜਿੱਤਣ ਤੋਂ ਬਾਅਦ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਣ ਵਾਲੀ ਜ਼ਿਮਨੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਾਰਟੀ ਨੇ ਚਾਰ ਸੀਟਾਂ ਤੋਂ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਕਾਰਨ ਖਾਲੀ ਹੋਈਆਂ ਸੀਟਾਂ ਉਤੇ ਸੀਨੀਅਰ ਆਗੂਆਂ , ਕੈਬਨਿਟ ਮੰਤਰੀਆਂ ਨੂੰ ਇੰਚਾਰਜ਼ ਨਿਯੁਕਤ ਕਰ ਦਿੱਤਾ ਹੈ।
ਪਾਰਟੀ ਦੇ ਸਕੱਤਰ ਜਨਰਲ ਡਾ ਸੰਦੀਪ ਪਾਠਕ, ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਹਲਕਾ ਡੇਰਾ ਬਾਬਾ ਨਾਨਕ ਸੀਟ ਦੀ ਜ਼ਿੰਮੇਵਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪੀ ਗਈ ਹੈ ਜਦਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੂੰ ਸਹਾਇਕ ਇੰਚਾਰਜ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਗਿੱਦੜਬਾਹਾ ਸੀਟ ਦਾ ਇੰਚਾਰਜ ਜਦਕਿ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੂੰ ਸਹਾਇਕ ਇੰਚਾਰਜ ਨਿਯੁਕਤ ਕੀਤਾ ਹੈ। ਚੱਬੇਵਾਲ ਸੀਟ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਇੰਚਾਰਜ ਅਤੇ ਕਰਮਬੀਰ ਸਿੰਘ ਘੁੰਮਣ ਨੂੰ ਸਹਾਇਕ ਇੰਚਾਰਜ ਬਣਾਇਆ ਗਿਆ ਹੈ। ਬਰਨਾਲਾ ਸੀਟ ਗੁਰਮੀਤ ਸਿੰਘ ਮੀਤ ਹੇਅਰ ਦੇ ਐਮਪੀ ਬਣਨ ਤੋਂ ਬਾਅਦ ਖਾਲੀ ਹੋਈ ਸੀ, ਦੀ ਜੁੰਮੇਵਾਰੀ ਮੀਤ ਹੇਅਰ ਨੂੰ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਚੇਤਨ ਸਿੰਘ ਜੋੜਾਮਾਜਰਾ ਨੂੰ ਸਹਾਇਕ ਇੰਚਾਰਜ ਬਣਾਇਆ ਗਿਆ ਹੈ। ਚਾਰ ਸੀਟਾਂ ਜਿਹਨਾਂ ਤੇ ਉਪ ਚੋਣ ਹੋਣੀ ਹੈ, ਉਹਨਾਂ ਵਿਚ ਚੱਬੇਵਾਲ ਰਾਖਵੀਂ ਸੀਟ ਹੈ।