ਚੰਡੀਗੜ੍ਹ, 25 ਜੁਲਾਈ (ਖ਼ਬਰ ਖਾਸ ਬਿਊਰੋ )
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਂਗਰਸ ਦੇ ਪਿੱਛੇ ਲੱਗ ਕੇ ਪੰਜਾਬ ਦੀ ਭਲਾਈ ਤੋਂ ਪਿੱਛੇ ਨਾ ਹਟਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਮਾਨ ਵੱਲੋਂ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦੇ ਫੈਸਲੇ ‘ਤੇ ਟਿੱਪਣੀ ਕਰਦਿਆਂ ਬਾਜਵਾ ਨੇ ਕਿਹਾ ਕਿ ਇਹ ਬਚਕਾਨਾ ਫੈਸਲਾ ਹੈ ਜਿਸ ਦਾ ਪੰਜਾਬ ‘ਤੇ ਦੂਰਗਾਮੀ ਅਸਰ ਪਵੇਗਾ।
ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ ਇੱਕ ਅਜਿਹਾ ਮੰਚ ਹੈ, ਜਿਸ ‘ਤੇ ਮੁੱਖ ਮੰਤਰੀ ਪੰਜਾਬ ਦਾ ਪੱਖ ਪੇਸ਼ ਕਰ ਸਕਦੇ ਹਨ, ਪਰ ਉਹ ਪੰਜਾਬ ਦੇ ਲੋਕਾਂ ਨੂੰ ਇਸ ਮੌਕੇ ਤੋਂ ਵਾਂਝੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਲਈ ਮੁੱਖ ਮੰਤਰੀ ਨੂੰ ਕਦੇ ਮੁਆਫ ਨਹੀਂ ਕਰਨਗੇ। ਉਨ੍ਹਾਂ ਮਾਨ ਨੂੰ ਸਲਾਹ ਦਿੱਤੀ ਕਿ ਉਹ ਸਿਆਸੀ ਪਰਿਪੱਕਤਾ ਦਿਖਾਉਣ ਅਤੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਪੰਜਾਬ ਦੀਆਂ ਮੰਗਾਂ ਨੂੰ ਪੂਰੀ ਤਾਕਤ ਨਾਲ ਉਠਾਉਣ।
ਬਾਜਵਾ ਨੇ ਕਿਹਾ ਕਿ ਅਜਿਹੇ ਮੌਕੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕੇਂਦਰ ਨਾਲ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸਾਂਝੀ ਮੀਟਿੰਗ ਹੁੰਦੀ ਹੈ, ਜਿਸ ਨੂੰ ਨਾ ਗਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਹੈ, ਕਿਉਂਕਿ ਕਾਂਗਰਸ ਨੇ ਖੁਦ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਵੱਲੋਂ ਆਪਣੀ ਸਰਕਾਰ ਨੂੰ ਦਿੱਤੇ ਗਏ ਭਾਰੀ ਬਹੁਮਤ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਪੰਜਾਬ ਨਾਲ ਧੋਖਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।