ਅੰੰਮਿ੍ਤਸਰ.24 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਗੇ ਪੇਸ਼ ਹੋਏ। ਸੁਖਬੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੰਗੇ ਗਏ ਸਪਸ਼ਟੀਕਰਨ ਅਨੁਸਾਰ ਇਕ ਬੰਦ ਲਿਫਾਫੇ ਵਿਚ ਸਪੱਸ਼ਟੀਕਰਨ ਦਿੱਤਾ। ਹੁਣ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਸਿੰਘ ਸਾਹਿਬਾਨ ਸੁਖਬੀਰ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ (ਤਨਖਾਹ) ਲਗਾ ਸਕਦੇ ਹਨ।
ਸੁਖਬੀਰ ਬਾਦਲ ਦੁਪਹਿਰ ਸਵਾ ਇਕ ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਇੱਥੇ ਮੱਥਾ ਟੇਕਣ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਤੋਂ ਬਾਅਦ ਸੁਖਬੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਰਘਬੀਰ ਸਿੰਘ ਸਾਹਮਣੇ ਪੇਸ਼ ਹੋ ਕੇ ਬਾਗੀ ਅਕਾਲੀਆਂ ਵੱਲੋਂ ਲਾਏ ਦੋਸ਼ਾਂ ਬਾਰੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬੰਦ ਲਿਫ਼ਾਫ਼ੇ ਵਿੱਚ ਸਪੱਸ਼ਟੀਕਰਨ ਸੌਂਪਿਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿੱਚ ਗਿਆਨੀ ਰਘਬੀਰ ਸਿੰਘ ਨਾਲ ਕਰੀਬ 15 ਮਿੰਟ ਰੁਕੇ। ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਵਾਪਸ ਚਲੇ ਗਏ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਅਕਾਲੀ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਹੈ। ਇਸ ਵਿੱਚ ਕੀ ਲਿਖਿਆ ਹੈ ਅਤੇ ਕੀ ਨਹੀਂ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਪੰਜ ਤਖਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਹੀ ਸਪੱਸ਼ਟੀਕਰਨ ਦਾ ਲਿਫਾਫਾ ਖੋਲ੍ਹਿਆ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਬਾਗੀਆਂ ਨੇ 1 ਜੁਲਾਈ ਨੂੰ ਮੁਆਫੀ ਮੰਗੀ ਸੀ
ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੇ 1 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਪਕੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ, ਜਿਸ ਵਿਚ ਡੇਰਾ ਮੁਖੀ ਨੂੰ ਮਾਫ਼ੀ, ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣ ਸਮੇਤ ਅਤੀਤ ਵਿਚ ਹੋਈਆਂ ਗਲਤੀਆਂ ਦੀ ਮਾਫ਼ੀ ਮੰਗੀ ਸੀ। ਉਹਨਾਂ ਆਪਣੀ ਗਲਤੀ ਮੰਨਦੇ ਅਕਾਲ ਤਖ਼ਤ ਸਾਹਿਬ ਵਲੋਂ ਪੰਥਕ ਮਰਿਆਦਾ ਅਨੁਸਾਰ ਲਗਾਈ ਜਾਣ ਵਾਲੀ ਸਜ਼ਾ ਭੁਗਤਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਸੁਖਬੀਰ ਨੂੰ 15 ਦਿਨਾਂ ਵਿੱਚ ਸਪੱਸ਼ਟੀਕਰਨ ਦੇਣ ਲਈ ਕਿਹਾ ਸੀ। ਅਕਾਲ ਤਖਤ ਸਾਹਿਬ ਪੇਸ਼ ਹੋਣ ਵਾਲਿਆ ਵਿਚ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ ਤੇ ਹੋਰ ਹਾਜ਼ਰ ਸਨ।