ਚੰਡੀਗੜ੍ਹ 23 ਜੁਲਾਈ (ਖ਼ਬਰ ਖਾਸ ਬਿਊਰੋ )
ਆਈ.ਟੀ.ਆਈ. ਇੰਸਟਰਕਟਰ ਯੂਨੀਅਨ (ਰਜਿ.) ਪੰਜਾਬ ਦੇ ਇੱਕ ਵਫਦ ਵੱਲੋਂ ਸੂਬਾ ਪ੍ਰਧਾਨ ਇੰਜੀ. ਤਲਵਿੰਦਰ ਸਿੰਘ ਦੀ ਅਗਵਾਈ ਹੇਠ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਜੀ ਨਾਲ ਆਪਣੀਆਂ ਮੰਗਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਇੰਜੀ. ਤਲਵਿੰਦਰ ਸਿੰਘ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਪ੍ਰਮੁੱਖ ਸਕੱਤਰ ਆਈ. ਏ.ਐੱਸ.ਸ਼੍ਰੀ ਵਿਵੇਕ ਪ੍ਰਤਾਪ ਸਿੰਘ ਜੀ ਦੇ ਸਨਮੁੱਖ ਇੰਸਟਰਕਟਰਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਕਿ 2015 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਟੈਸਟ ਦੇ ਕੇ ਨਿਯੁਕਤ ਹੋਏ ਇੰਸਟਰਕਟਰਾਂ ਨੂੰ ਕਨਫਰਮ ਕਰਨ ਸਬੰਧੀ , ਉਹਨਾਂ ਦੇ ਸਲਾਨਾ ਅਤੇ ਚਾਰ ਸਾਲ਼ਾ, ਨੌਂ ਸਾਲ਼ਾ ਇੰਕਰੀਮੈਂਟ ਲਗਾਉਣ ਤੋਂ ਇਲਾਵਾ ਹੋਰ ਵਿਭਾਗੀ ਮੰਗਾਂ ਰੱਖੀਆਂ ਗਈਆਂ। ਪ੍ਰਮੁੱਖ ਸਕੱਤਰ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮੂਹ ਇੰਸਟਰਕਟਰਾਂ ਨੂੰ ਕਨਫਰਮ ਕਰਕੇ ਉਹਨਾਂ ਦੇ ਬਣਦੇ ਇੰਕਰੀਮੈਂਟ ਚਾਲੂ ਕੀਤੇ ਜਾਣਗੇ। ਇਸ ਤੋਂ ਬਾਅਦ ਜੱਥੇਬੰਦੀ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ਼੍ਰੀ ਮਨੋਜ ਗੁਪਤਾ ਅਤੇ ਡਿਪਟੀ ਡਾਇਰੈਕਟਰ ਵਿਜੇਂਦਰ ਧਵਨ ਨਾਲ ਵੀ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਵੀ ਸਮੂਹ ਇੰਸਟਰਕਟਰਾਂ ਨੂੰ ਜਲਦੀ ਕਨਫਰਮ ਕਰਨ ਦੇ ਨਾਲ ਨਾਲ ਸਮੂਹ ਮੰਗਾਂ ਦੀ ਪੂਰਤੀ ਦਾ ਵਿਸ਼ਵਾਸ ਦਿਵਾਇਆ ਗਿਆ। ਜੱਥੇਬੰਦੀ ਦੇ ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ,ਲਖਵਿੰਦਰ ਸਿੰਘ,ਮਨੀਸ਼ ਕੁਮਾਰ, ਅਮਨਦੀਪ ਕੁਮਾਰ ਅਤੇ ਹਰਦੀਪ ਸਿੰਘ ਆਦਿ ਸ਼ਾਮਿਲ ਸਨ।