ਚੰਡੀਗੜ੍ਹ, 23 ਜੁਲਾਈ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ ’ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਬਜਾਏ ਕੋਰ ਕਮੇਟੀ ਭੰਗ ਕਰਕੇ ਇੱਕ ਹੋਰ ਤਾਨਾਸ਼ਾਹੀ ਫਰਮਾਨ ਸੁਣਾ ਦਿੱਤਾ ਹੈ। ਜੋ ਕਿ ਇੱਕ ਮੰਦਭਾਗਾ ਫੈਸਲਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਹੁੰਦਾ ਆਇਆ ਹੈ ਕਿ ਜਦੋਂ ਸਾਰਾ ਢਾਂਚਾ ਭੰਗ ਕੀਤਾ ਜਾਂਦਾ ਹੈ ਤਾਂ ਹੀ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ, ਪਰ ਹੁਣ ਨਵੀਂ ਰੀਤ ਹੀ ਪਾ ਦਿੱਤੀ ਕਿ ਗਈ ਕਿ ਸਿਰਫ ਕੋਰ ਕਮੇਟੀ ਭੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੇ ਜਿਆਦਾਤਰ ਮੈਂਬਰਾਂ ਵੱਲੋਂ ਵਰਤਮਾਨ ਸਮੇਂ ਪੈਦਾ ਹੋਏ ਹਲਾਤਾਂ ਦੇ ਮੁਤਾਬਕ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ। ਸੁਖਬੀਰ ਬਾਦਲ ਨੇ ਲੋਕਾਂ ਦੀਆਂ ਅਤੇ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਝੂੰਦਾ ਕਮੇਟੀ ਦੀਆਂ ਰਿਪੋਰਟਾਂ ਨੂੰ ਤਾਂ ਕੀ ਲਾਗੂ ਕਰਨਾ ਸੀ, ਸਗੋਂ ਪਾਰਟੀ ਦੀ ਮਜਬੂਤੀ ਲਈ ਤਬਦੀਲੀ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਟੇਡੇ ਢੱਗ ਨਾਲ ਸਾਈਡ ਲਾਈਨ ਦੀ ਕਰਨ ਨਾਦਰਸ਼ਾਹੀ ਫਰਮਾਨ ਸੁਣਾ ਦਿੱਤੀ। ਸ੍ਰ. ਵਡਾਲਾ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੇ 8 ਮੈਂਬਰਾਂ ਵੱਲੋਂ ਤਬਦੀਲੀ ਦੀ ਮੰਗ ਕੀਤੀ ਗਈ ਸੀ, ਜਿਸ ਦਾ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਜਵਾਬ ਨਹੀਂ ਸੀ। ਇਸ ਲਈ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪਰੰਪਰਾ ਅਤੇ ਸਾਰੇ ਨਿਯਮਾ ਨੂੰ ਦਰ ਕਿਨਾਰ ਕਰਕੇ ਆਪਣਾ ਤਾਨਾਸ਼ਾਹੀ ਫੈਸਲਾ ਲਾਗੂ ਕਰਨ ਲਈ ਕੋਰ ਕਮੇਟੀ ਹੀ ਭੰਗ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਲਹਿਰ ਸੁਖਬੀਰ ਸਿੰਘ ਬਾਦਲ ਇਸ ਫੈਸਲੇ ਦੀ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਅਰਸ਼ ਤੋਂ ਫਰਸ ਤੱਕ ਪਹੁੰਚਣ ਦਾ ਕਾਰਨ ਵੀ ਸੁਖਬੀਰ ਸਿੰਘ ਬਾਦਲ ਦੇ ਤਾਨਾਸਾਹੀ ਫਰਮਾਨ ਹਨ। ਪਰ ਸੁਖਬੀਰ ਸਿੰਘ ਬਾਦਲ ਆਪਣੀ ਗਲਤੀ ਮੰਨ ਕੇ ਉਸ ਵਿਚ ਸੁਧਾਰ ਕਰਨ ਦੀ ਬਜਾਏ ਆਪਣੇ ਹੈਂਕੜਬਾਜੀ ਛੱਡਣ ਨੂੰ ਤਿਆਰ ਹੀ ਨਹੀਂ ਹਨ। ਉੱਨਾਂ ਕਿਹਾ ਸ: ਬਾਦਲ ਜੇਕਰ ਸੱਚ ਮੁੱਚ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਦੇ ਹਨ ਤਾਂ ਝੂੰਦਾ ਕਮੇਟੀ ਦੀ ਸਿਫਾਰਸ ਮੁਤਾਬਕ ਆਪਣਾ ਅਹੁੱਦਾ ਤਿਆਗਣ ਤਾਂ ਕਿ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।