30 ਜੁਲਾਈ ਬਾਅਦ ਅਮਲ ਵਿਚ ਆਵੇਗਾ ਨਵਾਂ ਕਾਨੂੰਨ
ਚੰਡੀਗੜ੍ਹ 22 ਜੁਲਾਈ (ਖ਼ਬਰ ਖਾਸ ਬਿਊਰੋ)
ਮਾਪਿਆਂ ਨੂੰ ਹੁਣ ਚੌਕਸ ਰਹਿਣਾ ਪਵੇਗਾ। ਮਾਪਿਆਂ ਨੂੰ ਹੀ ਨਹੀਂ ਆਮ ਲੋਕਾਂ ਨੂੰ ਵੀ । ਪੰਜਾਬ ਸਰਕਾਰ ਨੇ ਟ੍ਰੈਫਿਕ ਵਿਵਸਥਾ ਨੂੰ ਬਹਾਲ ਰੱਖਣ ਅਤੇ ਦਿਨੋ ਦਿਨ ਹੋ ਰਹੀਆਂ ਸੜਕੀ ਦੁਰਘਟਨਾਵਾਂ ਨੂੰ ਨਕੇਲ ਪਾਉਣ ਲਈ ਨਵੇਂ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਪੰਜਾਬ ਪੁਲਿਸ ਦੇ ਟ੍ਰੈੇਫਿਕ ਵਿੰਗ ਨੇ ਸਮੂਹ ਜ਼ਿਲਿਆ ਦੇ ਪੁਲਿਸ ਮੁਖੀਆ ਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ 18 ਸਾਲ ਤੋ ਘੱਟ ਉਮਰ ਦਾ ਜੇਕਰ ਕੋਈ ਵਿਅਕਤੀ, ਨੌਜਵਾਨ ਵਹੀਕਲ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ਼ ਧਾਰਾ 199 ਏ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਧਾਰਾ ਤਹਿਤ ਤਿੰਨ ਸਾਲ ਦੀ ਜੇਲ੍ਹ ਤੇ 25 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨ ਹੋ ਸਕਦਾ ਹੈ। ਇਹ ਫੈਸਲਾ ਮਾਪਿਆ ਉਤੇ ਹੀ ਨਹੀਂ ਜੇਕਰ ਕਿਸੇ ਹੋਰ ਜਾਣਕਾਰ ਨੇ ਵੀ ਨਾਬਾਲਗ ਬੱਚੇ ਨੂੰ ਵਹੀਕਲ ਦੇ ਦਿੱਤਾ ਜਾਂ ਉਸ ਉਤੇ ਵੀ ਇਹੀ ਧਾਰਾ ਤਹਿਤ ਕਾਰਵਾਈ ਹੋਵੇਗੀ।
ਵਧੀਕ ਡਾਇਰੈਕਟਰ ਜਨਰਲ ਪੁਲਿਸ (ਟ੍ਰੇਫਿਕ ਅਤੇ ਸੜਕ ਸੁਰੱਖਿਆ) ਨੇ ਸਮੂਹ ਕਮਿਸ਼ਨਰਜ਼ ਤੇ ਸੀਨੀਅਰ ਪੁਲਿਸ ਕਪਤਾਨ (ਐਸਐ੍ਸਪੀ) ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ 31 ਜੁਲਾਈ ਤਕ ਮੋਟਰ ਵਹੀਕਲ ਐਕਟ (ਸੋਧ 2019) ਦੀ ਧਾਰਾ 199 ਏ ਅਤੇ 199 ਬੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜੇਕਰ ਕੋਈ ਨਾਬਾਲਗ 30 ਜੁਲਾਈ ਤੋ ਬਾਅਦ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਧਾਰਾ ਤਹਿਤ ਤਿੰਨ ਸਾਲ ਦੀ ਸਜ਼ਾ ਜਾਂ 25 ਹਜਾ਼ਰ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਕੋਈ ਕਿਸੇ ਤੋਂ ਮੰਗ ਕੇ ਵਹੀਕਲ ਚਲਾਉਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਖਿਲਾਫ਼ ਇਹ ਕਾਰਵਾਈ ਹੋਵੇਗੀ।
ਵਧੀਕ ਡਾਇਰੈਕਟਰ ਨੇ ਇਸ ਸਬੰਧੀ ਜਾਗਰੂਕਤਾ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ। ਜਾਗਰੂਕਤਾ ਕੈਂਪ ਸਬੰਧੀ ਫੋਟੋਆ ਅਤੇ ਅਖ਼ਬਾਰਾਂ ਵਿਚ ਛੁਪੀਆ ਖ਼ਬਰਾਂ ਵਿਚ ਮੁੱਖ ਦਫ਼ਤਰ ਨੂੰ ਭੇਜਣ ਦੀ ਹਦਾਇਤ ਕੀਤੀ ਹੈ।