ਚੰਡੀਗੜ੍ਹ, 21 ਜੁਲਾਈ (ਖ਼ਬਰ ਖਾਸ ਬਿਊਰੋ)
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ (ਸੀ.ਐਸ.ਐਨ.ਏ) ਨੇ ਸ਼ਾਸਤਰੀ ਸੰਗੀਤ ਦੇ ਇੱਕ ਹਫ਼ਤਾ ਚੱਲਣ ਵਾਲੇ ਮੇਘ ਮਲਹਾਰ ਉਤਸਵ ਦਾ ਉਦਘਾਟਨ , ਸ਼ਾਸਤਰੀ ਸੰਗੀਤ ’ਤੇ ਆਧਾਰਿਤ ਖ਼ਿਆਲ ਗਾਇਨ ਦੀਆਂ ਪੰਜਾਬੀ ਧੁਨਾਂ ਬਾਰੇ ਇੱਕ ਮੋਹਰੀ ਪੁਸਤਕ ‘ਗੁਰੂਰੰਗ’ ਦੀ ਘੁੰਡ ਚੁਕਾਈ ਨਾਲ ਕੀਤਾ। ਪੰਡਿਤ ਭੀਮਸੇਨ ਸ਼ਰਮਾ ਦੁਆਰਾ ਲਿਖੀ ਇਸ ਪੁਸਤਕ ਨੂੰ ਲੈਫਟੀਨੈਂਟ ਜਨਰਲ ਰਣਵੀਰ ਸਿੰਘ, ਸੀ.ਐਸ.ਐਨ.ਏ. ਦੇ ਚੇਅਰਮੈਨ ਸੁਦੇਸ਼ ਸ਼ਰਮਾ ਅਤੇ ਹੋਰ ਮਾਣਯੋਗ ਮਹਿਮਾਨਾਂ ਨੇ ਮਿਊਜ਼ੀਅਮ ਆਡੀਟੋਰੀਅਮ , ਸੈਕਟਰ 10 ਵਿਖੇ ਬੀਤੀ ਦੇਰ ਸ਼ਾਮ ਰਿਲੀਜ਼ ਕੀਤਾ ।
‘‘ਗੁਰੂਰੰਗ’’ ਆਪਣੀ ਕਿਸਮ ਦੀ ਪਹਿਲੀ ਤੇ ਨਵੇਕਲੀ ਪੁਸਤਕ ਹੈ, ਜਿਸ ਵਿੱਚ ਸ਼ਾਸਤਰੀ ਸੰਗੀਤ ਪਰੰਪਰਾ ਦੇ ਖ਼ਿਆਲ ਗਾਇਨ ਸਬੰਧੀ ਪੰਜਾਬੀ ਧੁਨਾਂ ਨੂੰ ਦਰਸਾਇਆ ਗਿਆ ਹੈ। ਪੁਸਤਕ ਦੀ ਘੁੰਡ ਚੁਕਾਈ ਮੌਕੇ ਗੁਰੂ ਮਾਂ ਸ਼੍ਰੀਮਤੀ ਕ੍ਰਿਸ਼ਨਾ ਲਤਾ ਸ਼ਰਮਾ ਦੀ ਯਾਦ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਦੌਰਾਨ ਪੰਡਿਤ ਭੀਮਸੇਨ ਸ਼ਰਮਾ ਦੇ ਸ਼ਾਗਿਰਦਾਂ ਨੇ ਸ਼ਾਸਤਰੀ ਸੰਗੀਤ ਅਤੇ ਸਿਤਾਰ ਪੇਸ਼ਕਾਰੀ ਨਾਲ ਸਮਾਂ ਬੰਨ੍ਹਿਆਂ।
ਜ਼ਿਕਰਯੋਗ ਹੈ ਕਿ ਪੰਡਤ ਭੀਮਸੇਨ ਸ਼ਰਮਾ ਨੂੰ ਉਸਤਾਦ ਅਮੀਰ ਖਾਨ ਸਾਹਿਬ, ਉਸਤਾਦ ਵਿਲਾਇਤ ਖਾਨ ਸਾਹਿਬ, ਪੰਡਿਤ ਦਿਲੀਪ ਚੰਦਰ ਵੇਦੀ ਅਤੇ ਆਚਾਰੀਆ ਬ੍ਰਿਹਸਪਤੀ ਵਰਗੇ ਪ੍ਰਸਿੱਧ ਗੁਰੂਆਂ ਤੋਂ ਸੰਗੀਤ ਵਿਦਿਆ ਪ੍ਰਾਪਤ ਕਰਨ ਦਾ ਫਖ਼ਰ ਹਾਸਿਲ ਹੈ। ਸੰਗੀਤ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਭਾਰਤ ਸਰਕਾਰ ਦੁਆਰਾ ਵੱਕਾਰੀ ਸੀਨੀਅਰ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਦਮੀ ਦੁਆਰਾ ਉਨ੍ਹਾਂ ਨੂੰ ਗਾਉਣ ਅਤੇ ਵਜਾਉਣ ਵਿੱਚ ਉੱਤਮਤਾ ਲਈ ਪ੍ਰਸਿੱਧ ਅੰਮ੍ਰਿਤ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਡਾ.ਵਿਕਰਮ ਜੋਸ਼ੀ, ਡਾ.ਪ੍ਰੋਮਿਲਾ ਪੁਰੀ, ਡਾ.ਪੰਕਜ ਮਾਲਾ , ਸ੍ਰੀਮਤੀ ਵਿਭੂਤੀ ਸ਼ਰਮਾ, ਸ੍ਰੀ ਸੁਸ਼ੀਲ ਜੈਨ ਅਤੇ ਮੇਜਰ ਵਿਭਾਸ ਮੌਜੂਦ ਸਨ।