ਚੰਡੀਗੜ 17 ਅਪ੍ਰੈਲ (ਖ਼ਬਰ ਖਾਸ ਬਿਊਰੋ)
ਢੀਂਡਸਾ ਧੜੇ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ਾਮੀ ਅਚਾਨਕ ਪਾਰਟੀ ਦੇ ਸੀਨੀਅਰ ਆਗੂੁ ਤੇ ਸਾਬਕਾ ਰਾਜ ਸਭਾ ਮੈਂਬਰ ਨੂੰ ਮਨਾਉਣ ਲਈ ਉਨਾਂ ਦੇ ਸੈਕਟਰ ਦੋ ਸਥਿਤ ਘਰ ਪੁੱਜ ਗਏ। ਬਾਦਲ ਦੇ ਨਾਲ ਨੌਜਵਾਨ ਆਗੂ ਬੰਟੀ ਰੋਮਾਣਾ ਨਾਲ ਸਨ, ਪਰ ਸੁਖਬੀਰ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ। ਪਤਾ ਲੱਗਿਆ ਹੈ ਕਿ ਦੋਵਾਂ ਆਗੂਆਂ ਦਰਮਿਆਨ ਕਰੀਬ 15 ਮਿੰਟ ਕਮਰਾ ਬੰਦ ਮੀਟਿੰਗ ਹੋਈ। ਦੋਵਾਂ ਸਿਰਮੌਰ ਆਗੂਆਂ ਵਿਚਕਾਰ ਹੋਈ ਗੱਲਬਾਤ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਪਰ ਸੂਤਰਾਂ ਨੇ ਦੱਸਿਆ ਹੈ ਕਿ ਸੁਖਬੀਰ ਬਾਦਲ ਨੇ ਢੀਂਡਸਾ ਨੂੰ ਮਨਾਉਣ ਦਾ ਯਤਨ ਕੀਤਾ ਹੈ। ਵਰਣਨਯੋਗ ਹੈ ਕਿ ਅੱਜ ਢੀਂਡਸਾ ਧੜਾ ਦੇ ਆਗੂਆਂ ਨੇ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ ‘ਤੇ ਨਰਾਜ਼ਗੀ ਪ੍ਰਗਟ ਕਰਦੇ ਹੋਏ ਮੀਟਿੰਗ ਕੀਤੀ ਸੀ।ਢੀਂਡਸਾ ਧੜੇ ਦੇ ਜਿਆਦਾਤਰ ਆਗੂਆਂ ਨੇ ਵੋਟਾਂ ਵਿੱਚ ਅਕਾਲੀ ਆਗੂਆਂ ਦੀ ਮੁਖਾਲਫਤ ਕਰਨ ਦਾ ਸੁਝਾਅ ਦਿੱਤਾ ਸੀ। ਅਕਾਲੀ ਆਗੂਆ ਦਾ ਰੋਸ ਹੈ ਕਿ ਸੁਖਬੀਰ ਬਾਦਲ ਨੇ ਜਾਣਬੁ੍ਝ ਕੇ ਢੀਂਡਸਾ ਧੜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਹੈ, ਪਰ ਢੀਡਸਾਂ ਨੇ ਅਕਾਲੀ ਸਿਧਾਂਤਾਂ ਤੇ ਖੜੇ ਹੋਣ ਦੀ ਹੀ ਗੱਲ ਕਹੀ ਹੈ।