ਬਠਿੰਡਾ,21 ਜੁਲਾਈ (ਖ਼ਬਰ ਖਾਸ ਬਿਊਰੋ)
ਕਰੀਬ 12 ਸਾਲਾਂ ਤੋ ਜੀਵਨ ਨਿਰਵਾਹ ਦੀ ਗੱਡੀ ਚਲਾਉਂਦੇ ਆ ਰਹੇ ਜੋੜੇ ਵਿਚ ਸ਼ੱਕ ਦਾ ਗੇਅਰ ਅੜ ਗਿਆ। ਜਿਸ ਕਾਰਨ ਪਰਿਵਾਰ ਦੇ ਮੋਢੀ (ਪਤੀ) ਨੇ ਆਪਣੀ ਘਰ ਵਾਲੀ ਦਾ ਕਤਲ ਕਰ ਦਿੱਤਾ। ਕੁਹਾੜੀ ਨਾਲ ਘਰ ਵਾਲੀ ਨੂੰ ਬੁਰੀ ਤਰ੍ਹਾਂ ਵੱਢ ਟੁੱਕ ਬੰਦਾ ਫਰਾਰ ਹੋ ਗਿਆ। ਘਟਨਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਗੜ ਭੂੰਦੜ ਵਿਚ ਵਾਪਰੀ ਹੈ।
ਥਾਣਾ ਕੋਟਫੱਤਾ ਦੇ SHO ਕਰਮਜੀਤ ਸਿੰਘ ਨੇ ਦੱਸਿਆ ਕਿ ਔਰਤ ਹਰਮਨਪ੍ਰੀਤ ਕੌਰ ਦਾ ਪਤੀ ਮਨਦੀਪ ਸਿੰਘ ਆਪਣੀ ਪਤਨੀ ਦੇ ਚਰਿੱਤਰ ਉਤੇ ਸ਼ੱਕ ਕਰਦਾ ਸੀ, ਜਿਸ ਕਾਰਨ ਦੋਸ਼ੀ ਨੇ ਆਪਣੀ ਘਰ ਵਾਲੀ ਤੇ ਕੁਹਾੜੀ ਨਾਲ ਕਈ ਵਾਰ ਕੀਤੇ । ਸਿੱਟੇ ਵਜੋਂ ਹਰਮਨਪ੍ਰੀਤ ਕੌਰ ਨੂੰ ਜਾਨ ਤੋਂ ਹੱਥ ਧੋਣੇ ਪੈ ਗਏ।
ਹਰਮਨਪ੍ਰੀਤ ਕੌਰ ਦੇ ਪਿਤਾ ਕਰਨੈਲ ਸਿੰਘ ਨੇ ਪੁੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਉਸਦੀ ਬੇਟੀ ਦਾ ਵਿਆਹ ਕਰੀਬ 12 ਵਰ੍ਹੇ ਪਹਿਲਾਂ ਮਨਦੀਪ ਸਿੰਘ ਨਾਲ ਹੋਇਆ ਸੀ। ਉਹਨਾਂ ਕੋਲ ਦੋ ਬੇਟੇ 10 ਤੇ ਛੇ ਸਾਲ ਹਨ। ਪਿਛਲੇ ਕਈ ਦਿਨਾਂ ਤੋਂ ਉਹ ਬੇਟੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਸ਼ੁੱਕਰਵਾਰ ਦੇਰ ਸ਼ਾਮ ਉਹ ਘਰ ਆਇਆ ਅਤੇ ਹਰਮਨਪ੍ਰੀਤ ਦੇ ਚਰਿੱਤਰ ਉਤੇ ਸ਼ੱਕ ਕਰਦਾ ਹੋਇਆ ਝਗੜਾ ਕਰਨ ਲੱਗ ਪਿਆ। ਦੋਵਾਂ ਵਿਚਕਾਰ ਤਕਰਾਰ ਵੱਧ ਗਈ ਤਾਂ ਮਨਦੀਪ ਨੇ ਕੁਹਾੜੀ ਚੁੱਕਕੇ ਹਰਮਨਪ੍ਰੀਤ ਦੇ ਸਿਰ ਵਿਚ ਮਾਰੀ। ਉਸਨੇ ਕਈ ਵਾਰ ਕੀਤੇ। ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿਚ ਧਰਤੀ ਉਤੇ ਡਿੱਗ ਪਈ ਤਾਂ ਦੋਸ਼ੀ ਪਤੀ ਆਪਣੀ ਪਤਨੀ ਨੂੰ ਤੜਫਦੀ ਹੋਈ ਛੱਡ ਫਰਾਰ ਹੋ ਗਿਆ।
ਗੁਆਂਢੀਆ ਨੇ ਬੱਚੇ ਦਾ ਚੀਕ ਚਿਹਾੜਾ ਸੁਣਨ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ
ਪਤਨੀ ਨੂੰ ਨਹਿਰ ਵਿਚ ਸੁੱਟਣ ਵਾਲਾ ਕਾਬੂ
ਫਿਰੋਜਪੁਰ- ਪੁਲਿਸ ਨੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਘੱਲਖੁਰਦ ਵਿਖੇ ਪਤਨੀ ਦਾ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟਣ ਵਾਲੇ ਦੋਸ਼ੀ ਪਤੀ ਜਸਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ (ਜਾਂਚ) ਰਣਧੀਰ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ 16 ਜੁਲਾਈ ਨੂੰ ਮੇਜਰ ਸਿੰਘ ਨਿਵਾਸੀ ਦਾਰਾਪੁਰ (ਮੋਗਾ) ਦੀ ਸ਼ਿਕਾਇਤ ਉਤੇ ਕੇਸ ਦਰਜ਼ ਕੀਤਾ ਸੀ। ਜਸਵੰਤ ਸਿੰਘ ਉਤੇ ਦੋਸ਼ ਸੀ ਕਿ ਉਸਨੇ ਆਪਣੀ ਪਤਨੀ ਚਰਨਜੀਤ ਕੌਰ ਦਾ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਸੀ, ਜੋ ਪਿੰਡ ਰੁਕਨਾ ਬੇਗੂ ਨੇੜ੍ਹੇ ਤੋਂ ਪੁਲਿਸ ਨੇ ਬਰਾਮਦ ਕੀਤੀ ਸੀ।
ਪੁਲਿਸ ਅਫ਼ਸਰ ਨੇ ਦੱਸਿਆ ਕਿ ਜਾਂਚ ਦੌਰਾਨ ਤੱਥ ਸਾਹਮਣੇ ਆਇਆ ਹੈ ਕਿ ਦੋਸ਼ੀ 13 ਜੁਲਾਈ ਨੂੰ ਆਪਣੀ ਪਤਨੀ ਨੂੰ ਖੇਤਾਂ ਵਿਚ ਬਣੇ ਟਿਊਬਵੈ੍ਲ (ਮੋਟਰ) ਵਾਲੇ ਕਮਰੇ ਵਿਚ ਲੈ ਗਿਆ ਅਤੇ ਉਸਦੇ ਹੱਥ ਤੇ ਮੂੰਹ ਬੰਨਕੇ ਗਲਾ ਘੁ੍ਟਕੇ ਕਤਲ ਕਰ ਦਿੱਤਾ। ਬਾਅਦ ਵਿਚ ਲਾਸ਼ ਨੂੰ ਪਿੰਡ ਦੇ ਨੇੜ੍ਹੇ ਲੰਘਦੀ ਨਹਿਰ ਵਿੱਚ ਸੁੱਟ ਦਿੱਤਾ ਸੀ।