ਚੰਡੀਗੜ੍ਹ 20 ਜੁਲਾਈ (ਖ਼ਬਰ ਖਾਸ ਬਿਊਰੋ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪਿਛਲੇ ਸਾਲ ਸਿੱਖ ਬੱਚਿਆਂ ਨੂੰ ਮੁਫ਼ਤ IAS ਅਤੇ PCS ਦੀ ਕੋਚਿੰਗ ਦੇਣ ਲਈ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ 27-ਬੀ, ਚੰਡੀਗੜ੍ਹ ਵਿਖੇ ਨਿਸ਼ਚੈ ਪ੍ਰਸਾਸ਼ਕੀ ਸੇਵਾਵਾਂ ਸਿਖਲਾਈ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਅਕੈਡਮੀ ਦੀ ਇਮਾਰਤ ਤਿਆਰ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆ ਦੇ ਸਹਿਯੋਗ ਨਾਲ ਗੁਰਦੁਆਰਾ ਬਾਗ ਸ਼ਹੀਦਾਂ ਸੈਕਟਰ 44-ਏ ਚੰਡੀਗੜ੍ਹ ਵਿਖੇ ਨੀਂਹ ਪੱਥਰ ਰੱਖਿਆ ਗਿਆ। ਐਡਵੋਕੇਟ ਧਾਮੀ ਨੇ ਦੱਸਿਆ ਕਿ ਨਿਸ਼ਚੈ ਪ੍ਰਸਾਸ਼ਕੀ ਸੇਵਾਵਾਂ ਸਿਖਲਾਈ ਕੇਂਦਰ, ਚੰਡੀਗੜ੍ਹ ਵਿਖੇ ਕਰੀਬ 55 ਬੱਚੇ ਕੋਚਿੰਗ ਲੈ ਰਹੇ ਹਨ। ਇਸ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ ਵਿਖੇ ਸਥਾਪਿਤ ਨਿਸਚੈ ਐਕਡਮੀ ਫ਼ਾਰ ਜੁਡੀਸ਼ੀਅਲ ਸਰਵਿਸਿਜ਼ ਵਿਖੇ 25 ਬੱਚਿਆਂ ਦੀ ਸਿਲੈਕਸ਼ਨ ਕਰ ਕੇ ਇਸ ਸਾਲ ਤੋਂ ਜੁਡੀਸ਼ੀਅਲ ਦੀ ਫ਼ਰੀ ਕੋਚਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਬੱਚਿਆ ਲਈ ਰਿਹਾਇਸ਼, ਲੰਗਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਅਕੈਡਮੀਆਂ ਦੀ ਦੇਖ-ਰੇਖ ਸਕੱਤਰ ਵਿੱਦਿਆ ਇੰਜ਼. ਸੁਖਮਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ। ਇਸ ਮੌਕੇ ਬੋਲਦਿਆਂ ਸਕੱਤਰ ਵਿੱਦਿਆ ਇੰਜ਼. ਸੁਖਮਿੰਦਰ ਸਿੰਘ ਨੇ ਕਿਹਾ ਕਿ ਨਿਸ਼ਚੈ ਸਿਖਲਾਈ ਕੇਂਦਰਾਂ ਦਾ ਮੁੱਖ ਮੰਤਵ ਸਿੱਖ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਸਾਸ਼ਨਿਕ ਉੱਚ ਅਹੁਦਿਆਂ ਤੇ ਬਠਾਉਣਾ ਹੈ ਤਾਂ ਜੋ ਸਮਾਜ ਵਿੱਚ ਸਿੱਖ ਕੌਮ ਦਾ ਨਾਮ ਰੋਸ਼ਨ ਹੋ ਸਕੇ। ਇਸ ਮੌਕੇ ਉਹਨਾਂ ਨਾਲ ਚਰਨਜੀਤ ਸਿੰਘ ਕਾਲੇਵਾਲ, ਸ. ਅਵਤਾਰ ਸਿੰਘ ਰਿਆ, ਮੈਂਬਰ ਸ਼੍ਰੋਮਣੀ ਕਮੇਟੀ, ਜਗਦੀਪ ਸਿੰਘ ਚੀਮਾਂ ਫਤਿਹਗੜ੍ਹ ਸਾਹਿਬ, ਸ. ਕਾਹਨ ਸਿੰਘ ਪੰਨੂ ਆਈ.ਏ.ਐਸ. (ਰਿਟਾ.), ਸ. ਪੂਰਨ ਸਿੰਘ ਹੁੰਦਲ ਸੀਨੀਅਰ ਐਡਵੋਕੇਟ, ਇੰਜ਼. ਸੁਖਮਿੰਦਰ ਸਿੰਘ ਵਿੱਦਿਆ ਸਕੱਤਰ, ਸ. ਮਨਮੋਹਨ ਸਿੰਘ, ਸ. ਗੁਰਦੀਪ ਸਿੰਘ ਕੰਗ, ਸ. ਸੁਖਵਿੰਦਰ ਸਿੰਘ, ਸ. ਮਹੋਨ ਸਿੰਘ ਮੈਨੇਜਰ, ਰਣਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਕ੍ਰਿਸ਼ਨਪੁਰ, ਬਾਬਾ ਗੁਲਜਾਰ ਸਿੰਘ, ਬਾਬਾ ਕੁਲਦੀਪ ਸਿੰਘ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀ ਸ਼ਾਮਿਲ ਸਨ।