ਚੰਡੀਗੜ੍ਹ 20 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਔਰਤਾਂ ਦੇ ਹੱਕਾਂ ਲਈ ਲੜ ਰਹੇ ਵੂਮੈਨ ਵੈਲਫੇਅਰ ਟਰੱਸਟ ਨੇ ਹੁਣ ਦੇਸ਼ ਭਰ ਦੀਆਂ ਅਦਾਲਤਾਂ ਵਿੱਚ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜਨ ਦਾ ਐਲਾਨ ਕੀਤਾ ਹੈ। ਜਿਸ ਕਾਰਨ ਟਰੱਸਟ ਨਾਲ ਹੁਣ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲੀਆਂ ਮਹਿਲਾ ਵਕੀਲਾਂ ਦਾ ਪੈਨਲ ਹੈ। ਔਰਤਾਂ ਨਾਲ ਸਬੰਧਤ ਮਸਲਿਆਂ ਦੇ ਨਾਲ-ਨਾਲ ਲੋਕ ਹਿੱਤ ਅਦਾਲਤਾਂ ਵਿੱਚ ਲੜ ਕੇ ਔਰਤਾਂ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕੀਤੇ ਜਾਣਗੇ। ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੀ ਕੌਮੀ ਪ੍ਰਧਾਨ ਹਰਦੀਪ ਕੌਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਜੱਜ ਤੇ ਹਾਈ ਕੋਰਟ ਦੇ ਵਕੀਲ ਬਿਸ਼ਮਨ ਮਾਨ, ਪੰਜਾਬ-ਹਰਿਆਣਾ ਹਾਈ ਕੋਰਟ ਦੀ ਸੀਨੀਅਰ ਵਕੀਲ ਰਿੰਪਲਜੀਤ ਕੌਰ, ਚੰਡੀਗੜ੍ਹ ਕੋਰਟ ਦੀ ਸੀਨੀਅਰ ਵਕੀਲ ਨਿਕਿਤਾ ਸ਼ਰਮਾ ਅਤੇ ਮੁਹਾਲੀ ਦੇ ਵਕੀਲ ਰੁਪਿੰਦਰ ਪਾਲ ਕੌਰ ਨੂੰ ਟਰੱਸਟ ਦੀ ਕਾਨੂੰਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਦਿਸ਼ਾ ਟਰੱਸਟ ਦੀ ਲੀਗਲ ਟੀਮ ਦੀ ਅਗਵਾਈ ਸਾਬਕਾ ਜ਼ਿਲ੍ਹਾ ਜੱਜ ਤੇ ਹਾਈ ਕੋਰਟ ਦੇ ਵਕੀਲ ਬਿਸ਼ਮਨ ਮਾਨ ਕਰਨਗੇ ।
ਇਸ ਮੌਕੇ ਹਰਦੀਪ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਰਵਾਏ ਗਏ ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੀਆਂ ਔਰਤਾਂ ਸਹੀ ਸੇਧ ਨਾ ਮਿਲਣ ਕਾਰਨ ਆਪਣੇ ਕੇਸ ਹਾਰ ਜਾਂਦੀਆਂ ਹਨ ਜਾਂ ਅਦਾਲਤੀ ਕੇਸਾਂ ਵਿੱਚੋਂ ਭੱਜ ਜਾਂਦੀਆਂ ਹਨ। ਅਜਿਹੀਆਂ ਔਰਤਾਂ ਦੀ ਮਦਦ ਲਈ ਦਿਸ਼ਾ ਦੇ ਵਕੀਲਾਂ ਦਾ ਪੈਨਲ ਉਨ੍ਹਾਂ ਨੂੰ ਮੁਫ਼ਤ ਸਲਾਹ-ਮਸ਼ਵਰਾ ਪ੍ਰਦਾਨ ਕਰੇਗਾ। ਹਰਦੀਪ ਕੌਰ ਨੇ ਕਿਹਾ ਕਿ ਮਹਿਲਾ ਵਕੀਲਾਂ ਦੇ ਸਹਿਯੋਗ ਨਾਲ ਸਮੇਂ-ਸਮੇਂ ‘ਤੇ ਪਿੰਡਾਂ ‘ਚ ਕਾਨੂੰਨੀ ਜਾਗਰੂਕਤਾ ਕੈਂਪ ਲਗਾ ਕੇ ਔਰਤਾਂ ਨੂੰ ਉਨ੍ਹਾਂ ਦੇ ਸਮਾਜਿਕ ਅਤੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ |
ਇਸ ਮੌਕੇ ਬੋਲਦਿਆਂ ਸਾਬਕਾ ਜ਼ਿਲ੍ਹਾ ਜੱਜ ਅਤੇ ਹਾਈ ਕੋਰਟ ਦੇ ਵਕੀਲ ਬਿਸਮਾਨ ਮਾਨ ਨੇ ਕਿਹਾ ਕਿ ਅੱਜ ਵੀ ਔਰਤਾਂ ਮਰਦ ਵਕੀਲਾਂ ਨਾਲ ਕਿਸੇ ਵੀ ਕੇਸ ਬਾਰੇ ਗੱਲ ਕਰਨ ਤੋਂ ਝਿਜਕਦੀਆਂ ਹਨ। ਉਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਆਪਣੇ ਤਜ਼ਰਬੇ ਦੀ ਵਰਤੋਂ ਔਰਤਾਂ ਨੂੰ ਆਸਾਨ ਨਿਆਂ ਦਿਵਾਉਣ ਲਈ ਕਰੇ। ਪੰਜਾਬ-ਹਰਿਆਣਾ ਹਾਈਕੋਰਟ ਦੀ ਸੀਨੀਅਰ ਵਕੀਲ ਰਿੰਪਲਜੀਤ ਕੌਰ ਨੇ ਕਿਹਾ ਕਿ ਕਈ ਔਰਤਾਂ ਹਾਈਕੋਰਟ ਦਾ ਨਾਂ ਸੁਣ ਕੇ ਹੀ ਡਰ ਜਾਂਦੀਆਂ ਹਨ ਅਤੇ ਆਪਣੀ ਲੜਾਈ ਲੜੇ ਬਿਨਾਂ ਹੀ ਹਾਰ ਮੰਨ ਲੈਂਦੀਆਂ ਹਨ। ਇੰਨਾ ਹੀ ਨਹੀਂ, ਆਮ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਉਹ ਆਪਣੇ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ ਨਹੀਂ ਹਨ।
ਚੰਡੀਗੜ੍ਹ ਕੋਰਟ ਦੀ ਸੀਨੀਅਰ ਐਡਵੋਕੇਟ ਨਿਕਿਤਾ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦੇ ਚੇਤੰਨ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਇੱਥੇ ਵੀ ਕਾਨੂੰਨੀ ਜਾਗਰੂਕਤਾ ਦੀ ਘਾਟ ਹੈ। ਮੁਹਾਲੀ ਦੀ ਵਕੀਲ ਰੁਪਿੰਦਰਪਾਲ ਕੌਰ ਨੇ ਦੱਸਿਆ ਕਿ ਪਿੰਡਾਂ ਵਿੱਚ ਪੜ੍ਹੀਆਂ-ਲਿਖੀਆਂ ਔਰਤਾਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।ਇਸ ਮੌਕੇ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੀ ਚੇਅਰਪਰਸਨ ਡਾ: ਰਿੰਮੀ ਸਿੰਗਲਾ, ਜਨਰਲ ਸਕੱਤਰ ਮਨਦੀਪ ਕੌਰ, ਰਣਬੀਰ ਕੌਰ, ਪ੍ਰਸਿੱਧ ਗਾਇਕਾ ਆਰ ਦੀਪ ਰਮਨ, ਸਮਾਜ ਸੇਵਿਕਾ ਸਤਿੰਦਰ ਕੌਰ, ਗੁਨੀਤ ਕੌਰ, ਮੈਡਮ ਡਿੰਪਲ, ਉਮਾ ਰਾਵਤ, ਮਨਪ੍ਰੀਤ ਕੌਰ, ਸਿਮਰਨ ਕੌਰ ਅਤੇ ਪਿੰਕੀ ਆਦਿ ਹਾਜ਼ਰ ਸਨ |