ਮਜੀਠੀਆ ਨੇ ਆਪਣੇ ਵਕੀਲਾਂ ਰਾਹੀਂ ਭੇਜਿਆ ਜਵਾਬ
ਚੰਡੀਗੜ੍ਹ, 20 ਜੁਲਾਈ (ਖ਼ਬਰ ਖਾਸ ਬਿਊਰੋ)
ਸਾਬਕਾ ਅਕਾਲੀ ਮੰਤਰੀ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ NDPS ਐਕਟ ਤਹਿਤ ਉਹਨਾਂ ਖਿਲਾਫ਼ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਧਿਆਨ ਵਿਚ ਲਿਆਂਦਾ ਹੈ ਕਿ ਉਹ ਉਹਨਾਂ ਖਿਲਾਫ ਸੁਪਰੀਮ ਕੋਰਟ ਵਿਚ ਰੈਗੂਲਰ ਜ਼ਮਾਨਤ ਰੱਦ ਕਰਵਾਉਣ ਲਈ ਦਾਇਰ ਕੀਤੀ ਵਿਸ਼ੇਸ਼ ਲੀਵ ਪਟੀਸ਼ਨ (ਐਸ ਐਲ ਪੀ) ਦੇ ਮਾਮਲੇ ਵਿਚ ਵਕੀਲਾਂ ਦੀ ਸਹਾਇਤਾ ਲਈ ਦਿੱਲੀ ਹਨ, ਇਸ ਲਈ ਅੱਜ ਸਿੱਟ ਅੱਗੇ ਪੇਸ਼ ਨਹੀਂ ਹੋ ਸਕਦੇ। ਮਜੀਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਰਾਹੀਂ ਇਹ ਸੂਚਨਾਂ ਵਿਸ਼ੇਸ਼ ਜਾਂਚ ਟੀਮ (SIT) ਨੂੰ ਭੇਜੀ ਗਈ ਹੈ।
ਸੂਚਨਾ ਵਿਚ ਦੱਸਿਆ ਗਿਆ ਕਿ ਐਸ ਆਈ ਟੀ ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਹੈ ਤੇ ਉਹ ਸਰਦਾਰ ਮਜੀਠੀਆ ਨੂੰ ਕਾਨੂੰਨ ਮੁਤਾਬਕ ਮਿਲੀ ਚਾਰਾਜੋਈ ਕਰਨ ਤੋਂ ਰੋਕਣ ਵਾਸਤੇ ਆਪਣੀਆਂ ਤਾਕਤਾਂ ਦੀ ਜਾਣ ਬੁਝ ਕੇ ਦੁਰਵਰਤੋਂ ਕਰ ਰਹੀ ਹੈ।
ਇਸ ਵਿਚ ਕਿਹਾ ਗਿਆ ਕਿ ਅਕਾਲੀ ਆਗੂ ਉਹਨਾਂ ਖਿਲਾਫ ਦਰਜ ਐਨ ਡੀ ਪੀ ਐਸ ਕੇਸ ਵਿਚ ਹੁਣ ਤੱਕ ਬਣਾਈਆਂ ਸਾਰੀਆਂ ਜਾਂਚ ਟੀਮਾਂ (ਐਸ ਆਈ ਟੀ) ਅੱਗੇ ਪੇਸ਼ ਹੁੰਦੇ ਰਹੇ ਹਨ ਅਤੇ ਹੁਣ ਅੱਜ ਉਹਨਾਂ ਦੀ ਐਸ ਆਈ ਟੀ ਅੱਗੇ ਪੇਸ਼ੀ ਇਸ ਵਾਸਤੇ ਰੱਖੀ ਗਈ ਸੀ ਤਾਂ ਜੋ ਉਹਨਾਂ ਦੇ ਕਾਨੂੰਨ ਤੱਕ ਪਹੁੰਚ ਦੇ ਅਧਿਕਾਰ ਨੂੰ ਤਾਰਪੀਡੋ ਕੀਤਾ ਜਾ ਸਕੇ।
ਇਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਕੰਟਰੋਲ ਹੇਠਲੀ ਐਸਆਈ ਟੀ ਤੋਂ ਕਿਸੇ ਨਿਰਪੱਖ ਜਾਂਚ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਵੀ ਕਿਹਾ ਗਿਆ ਕਿ ਸਰਦਾਰ ਮਜੀਠੀਆ ਖਿਲਾਫ ਸਹਿਯੋਗ ਨਾ ਦੇਣ ਦੀ ਝੂਠੀ ਦਲੀਲ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ ਆਈ ਟੀ ਦੇ ਚੇਅਰਮੈਨ ਨੇ ਆਪ ਕਿਹਾ ਹੈ ਕਿ ਸਰਦਾਰ ਮਜੀਠੀਆ ਦੇ ਸਹਿਯੋਗ ਨਾ ਦੇਣ ਦੀ ਗੱਲ ਰੱਖੀ ਜਾਵੇਗੀ।ਇਸ ਵਿਚ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂ ਆਪਣੇ ਵਕੀਲਾਂ ਦੇ ਸਹਿਯੋਗ ਲਈ ਦਿੱਲੀ ਵਿਚ ਬਣਦੇ ਹੱਕ ਨਾਲ ਗਏ ਹਨ ਤੇ ਇਸੇ ਕਾਰਣ ਉਹ ਅੱਜ ਐਸ ਆਈ ਟੀ ਅੱਗੇ ਪੇਸ਼ ਨਹੀਂ ਹੋ ਸਕੇ।