ਚੰਡੀਗੜ੍ਹ 18 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਤੇ ਹਰਿਆਣਾ ਦਰਮਿਆਨ ਵਿਵਾਦ ਦਾ ਕਾਰਨ ਬਣੀ ਸਤਲੁਜ ਯਮਨਾ ਲਿੰਕ ਨਹਿਰ (SYL)ਦਾ ਮੁੱਦਾ ਵੀਰਵਾਰ ਨੂੰ ਮੁੜ ਚਰਚਾ ਵਿਚ ਆ ਗਿਆ। ਹਰਿਆਣਾ ਵਿਧਾਨ ਸਭਾ ਦੀਆਂ ਅਕਤੂਬਰ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦਰਮਿਆਨ ਵਿਵਾਦ ਦਾ ਕਾਰਨ ਬਣੇ ਲੰਬਿਤ ਮੁੱਦੇ ਯਾਨੀ ‘ਸਿਆਸੀ ਜਿੰਨ’ ਨਿਕਲਣੇ ਸ਼ੁਰੂ ਹੋ ਗਏ ਹਨ।
ਆਮ ਆਦਮੀ ਪਾਰਟੀ ਨੇ ਅੱਜ ਵੀਰਵਾਰ ਨੂੰ ਹਰਿਆਣਾ ਵਿੱਚ ਸਾਰੀਆਂ ਸੀਟਾਂ ਉਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ SYL (ਸਤਲੁਜ ਯਮਨਾ ਲਿੰਕ ਨਹਿਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਟਰ ਇਜ਼ ਸਬ ਜੁਡੀਸੀਅਲ ਕਹਿ ਕੋਈ ਟਿੱਪਣੀ ਨਹੀਂ ਕੀਤੀ। ਸਪਸ਼ਟ ਹੈ ਕਿ ਆਗਾਮੀ ਦਿਨਾਂ ਵਿਚ ਐੱਸ.ਵਾਈ.ਐੱਲ SYL ਮੁੱਦਾ ਬਣੇਗਾ। ਪੰਜਾਬ ਦੇ ਸਿਆਸੀ ਆਗੂਆਂ ਨੂੰ ਇਸ ਬਾਰੇ ਸਪਸ਼ਟ ਲਾਈਨ ਖਿੱਚਣੀ ਪਵੇਗੀ।
ਮੁੱਖ ਮੰਤਰੀ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਪੰਜਾਬ ਯੂਨੀਵਰਸਿਟੀ ਸੋਧਨਾਂ ਬਿਲ ਵਾਪਸ ਭੇਜਣ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਇਲੈਕਟਡ ਕੋਲ ਅਧਿਕਾਰ ਹੋਣੇ ਚਾਹੀਦੇ ਹਨ ਨਾ ਕਿ ਸਿਲੈਕਟਡ ਕੋਲ। ਮੁੱਖ ਮੰਤਰੀ ਨੇ ਦਲੀਲ ਦਿੱਤੀ ਕਿ ਹਰੇਕ ਯੂਨੀਵਰਸਿਟੀ ਦਾ ਅਲੱਗ ਅਲੱਗ ਕਲਚਰ ਹੈ। ਕਲਚਰ ਦਾ ਪਤਾ ਹੋਣਾ ਚਾਹੀਦਾ ਹੈ। ਅਸੀਂ (ਸਰਕਾਰ) ਰਾਜਪਾਲ ਨੂੰ ਤਿੰਨ ਨਾਵਾਂ ਦਾ ਪੈਨਲ ਭੇਜਦੇ ਹਾਂ ਤਾਂ ਰਾਜਪਾਲ ਇਕ ਦੀ ਨਿਯੁਕਤੀ ਕਰ ਦਿੰਦੇ ਹਨ ਤਾਂ ਅਧਿਕਾਰ ਸਿਲੈਕਟਡ ਕੋਲ ਹੋਇਆ। ਉਨਾਂ ਕਿਹਾ ਕਿ ਇਹ ਮਾਮਲਾ ਕੇਰਲਾ ਤੇ ਕਲਕੱਤਾ ਵਿਚ ਵੀ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਇਸ ਮੁੱਦੇ ਉਤੇ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ, ਅਕਾਲੀ ਦਲ ਨੇ ਕੀਤੀ ਟਿੱਪਣੀ
ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਅਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਐੱਸ.ਵਾਈ.ਐੱਲ ਬਾਰੇ ਮੁੱਖ ਮੰਤਰੀ ਦੇ ਸਟੈਂਡ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੇ ਦਿਨੋਂ ਹੀ ਪੰਜਾਬ ਦੇ ਪਾਣੀਆਂ ਉਤੇ ਅੱਖ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪਾਣੀਆਂ ਉਤੇ ਡਾਕਾ ਮਾਰ ਕੇ ਹਰਿਆਣੇ ਤੇ ਦਿੱਲੀ ਦੇ ਵਿੱਚ ਸਿਆਸਤ ਚਮਕਾਉਣ ਨੂੰ ਫਿਰਦੇ ਹਨ। ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਰਿਆਣੇ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ, ਜਦੋਂ ਆਗਾਜ਼ ਕਰਨ ਗਏ ਤਾਂ ਉੱਥੇ ਪੱਤਰਕਾਰ ਨੇ ਸਵਾਲ ਕੀਤਾ ਕਿ ਐਸਵਾਈਐਲ ਤੇ ਕੀ ਸਟੈਂਡ ਹੈ ਤਾਂ ਇਹਨਾਂ ਨੂੰ ਵੋਟਾਂ ਇੰਨੀਆਂ ਪਿਆਰੀਆਂ ਲੱਗਣ ਲੱਗ ਗਈਆਂ, ਹਰਿਆਣੇ ਦੀ ਸੱਤਾ ਇੰਨੀ ਪਿਆਰੀ ਲੱਗੀ ਕਿ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਦਾ ਸਟੈਂਡ ਲੈਣਾ ਭੁੱਲ ਗਏ- ਕਹਿੰਦੇ ਜੀ ਮੈਟਰ ਸੁਪਰੀਮ ਕੋਰਟ ਵਿਚ ਸਬ ਜੁਡੀਸ਼ੀਅਲ ਹੈ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ- ਸ਼ਾਬਾਸ਼ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਬਣ ਗਏ ਪੱਕੇ ਰਾਜਨੀਤਿਕ- ਮੈਂ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ, ਜਿਸ ਦਿਨ ਉਹਨੇ ਤੁਹਾਡੀ ਹਾਜ਼ਰੀ ਵਿਚ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ ਵਿਚ ਬਣਾ ਦਿਓ ਤੇ ਘਰ ਘਰ ਤੱਕ ਐਸ ਵਾਈਐਲ ਪਹੁੰਚਾ ਦਿਆਂਗੇ ਉੱਦਣ ਕਿਉਂ ਨਹੀਂ ਤੁਸੀਂ ਸਬ ਜੁਡੀਸ਼ੀਅਲ ਦਾ ਆਹ ਦਾ ਨਾਅਰਾ ਮਾਰਿਆ -ਉਸ ਦਿਨ ਕਹਿੰਦੇ ਗੁਪਤਾ ਨੂੰ ਕਿ ਮੈਟਰ ਸਬ ਜੁਡੀਸੀਅਲ ਹੈ- ਕਲੇਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਨੇ ਖੜੇ ਹੋ ਕੇ ਕਿਹਾ, ਜੀ ਅਸੀਂ ਤਾਂ ਨਹਿਰ ਬਣਾਉਣ ਨੂੰ ਤਿਆਰ ਹਾਂ, ਐਸਵਾਈਐਲ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦਾ -ਉਹਨੂੰ ਤਾਂ ਕਿਸਾਨਾਂ ਨੂੰ ਜਮੀਨ ਵਾਪਸ ਕਰਤੀ ਸੀ- ਇਹ ਹੈ ਤੁਹਾਡਾ ਦੋਗਲਾ ਚਿਹਰਾ ਤੇ ਫਿਰ ਨਹਿਰੀ ਪਟਵਾਰੀਆਂ ਨੇ ਜਿਸ ਤਰੀਕੇ ਦਾ ਖੁਲਾਸਾ ਕੀਤਾ ਕਿ ਉਹਨਾਂ ਤੋਂ ਡਾਟੇ ਫਰਜ਼ੀ ਬਣਾਏ ਜਾ ਰਹੇ ਨੇ -ਇਹ ਦਿਖਾਉਣ ਦੀ ਕੋਸ਼ਿਸ਼ ਹੋ ਸੁਪਰੀਮ ਕੋਰਟ ਵਿਚ ਕਿ ਪੰਜਾਬ ਕੋਲੇ ਤਾਂ ਸਰਪਲਸ ਪਾਣੀ ਹੈ -ਸੋ ਹਰਿਆਣੇ ਨੂੰ ਪਾਣੀ ਆਰਾਮ ਨਾਲ ਦਿੱਤਾ ਜਾਏ । ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਪੰਜਾਬ ਦੇ ਨਾਲ ਗੱਦਾਰੀ ਹੈ। ਹੁਣ ਸਾਹਮਣੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ। ਇਸ ਗੱਲ ਦੇ ਲਈ ਪੰਜਾਬ ਨੇ ਕਦੇ ਤੁਹਾਨੂੰ ਮਾਫ ਨਹੀਂ ਕਰਨਾ ।