ਚੰਡੀਗੜ੍ਹ 17 ਜੁਲਾਈ (ਖ਼ਬਰ ਖਾਸ ਬਿਊਰੋ)
ਜਲੰਧਰ ਪੱਛਮੀ ਤੋਂ ਵਿਧਾਇਕ ਬਣੇ ਮਹਿੰਦਰ ਭਗਤ ਨੇ ਬੁੱਧਵਾਰ ਨੂੰ ਵਿਧਾਇਕ ਵਜੋਂ ਸਹੁੰ ਚੁੱਕ ਲਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਹਿੰਦਰ ਭਗਤ ਨੂੰ ਆਪਣੇ ਦਫ਼ਤਰ ਵਿੱਚ ਵਿਧਾਇਕ ਵਜੋਂ ਸਹੁੰ ਚੁਕਾਈ। ਸਹੁੰ ਚੁੱਕਣ ਬਾਅਦ ਮੋਹਿੰਦਰ ਭਗਤ ਹੁਣ ਰਸਮੀ ਤੌਰ ‘ਤੇ ਜਲੰਧਰ ਪੱਛਮੀ ਦੇ ਵਿਧਾਇਕ ਬਣ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਜਲੰਧਰ ਤੋਂ ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ ਅਤੇ ‘ਆਪ’ ਨੂੰ 58 ਫੀਸਦੀ ਵੋਟਾਂ ਮਿਲੀਆਂ।ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵਿਧਾਇਕ ਮਹਿੰਦਰ ਭਗਤ ਨੇ ਆਪਣੇ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਕਿਆਸ ਲਾਇਆ ਜਾ ਰਿਹਾ ਹੈ ਕਿ ਜਲਦ ਹੀ ਮੋਹਿੰਦਰ ਭਗਤ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ ਕਿਉਂਕਿ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਾਨ ਨੇ ਖੁਦ ਐਲਾਨ ਕੀਤਾ ਸੀ ਕਿ ਜਿੱਤ ਤੋਂ ਬਾਅਦ ਭਗਤ ਨੂੰ ਮੰਤਰੀ ਬਣਾਇਆ ਜਾਵੇਗਾ। ਮਾਨ ਨੇ ਕਈ ਵਾਰ ਵੋਟਰਾਂ ਨੂੰ ਕਿਹਾ ਸੀ ਕਿ ਤੁਸੀਂ ਮਹਿੰਦਰ ਭਗਤ ਨੂੰ ਜਿਤਾਓ, ਮੈਂ ਮੰਤਰੀ ਬਣਨ ਬਣਾਵਾਂਗਾ।
ਪਿਤਾ ਵੀ ਮੰਤਰੀ ਰਹਿ ਚੁੱਕੇ ਹਨ
ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਵੀ ਮੰਤਰੀ ਰਹਿ ਚੁੱਕੇ ਹਨ। ਉਹ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਿੱਚ ਭਾਜਪਾ ਕੋਟੇ ਤੋਂ ਮੰਤਰੀ ਬਣੇ ਸਨ। ਉਹ ਪੰਜਾਬ ਦੇ ਮਿਉਂਸਪਲ ਮੰਤਰੀ ਰਹਿ ਚੁੱਕੇ ਹਨ। ਜਲੰਧਰ ‘ਚ ਜਿਸ ਤਰ੍ਹਾਂ ਵੋਟਰਾਂ ਨੇ ‘ਆਪ’ ਨੂੰ ਵੋਟਾਂ ਪਾਈਆਂ ਹਨ, ਉਸ ਤੋਂ ਸੀਐੱਮ ਮਾਨ ਕਾਫੀ ਖੁਸ਼ ਹਨ। ਉਹ ਵੀ ਜਲੰਧਰ ‘ਚ ਮਕਾਨ ਲੈ ਕੇ ਰਹਿ ਰਹੇ ਹਨ ਅਤੇ ਜਲੰਧਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਤਿਆਰੀ ਕਰ ਰਹੇ ਹਨ। ਜਲੰਧਰ ਪੱਛਮੀ ਸੀਟ ‘ਤੇ ‘ਆਪ’ ਦੀ ਇਕਤਰਫਾ ਜਿੱਤ ਕਾਰਨ ‘ਆਪ’ ਵਰਕਰਾਂ ‘ਚ ਭਾਰੀ ਉਤਸ਼ਾਹ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਸ੍ਰੀ ਕੁਲਵੰਤ ਸਿੰਘ ਬਾਜੀਗਰ, ਸ੍ਰੀ ਕਰਮਬੀਰ ਸਿੰਘ ਘੁੰਮਣ, ਸ੍ਰੀ ਅਜੀਤ ਪਾਲ ਸਿੰਘ ਕੋਹਲੀ, ਸ੍ਰੀ ਵਿਜੇ ਸਿੰਗਲਾ, ਸ੍ਰੀ ਬਰਿੰਦਰ ਗੋਇਲ, ਸ੍ਰੀ ਗੁਰਪ੍ਰੀਤ ਸਿੰਘ ਗੋਗੀ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।